ਬੱਚੇ ਨੂੰ ਦਾਦਾ-ਦਾਦੀ ਨਾਲ ਨਾ ਮਿਲਣ ਦੇਣਾ ਗਲਤ: ਬੰਬਈ ਹਾਈ ਕੋਰਟ

02/19/2020 6:24:45 PM

ਮੁੰਬਈ—ਬੰਬਈ ਹਾਈ ਕੋਰਟ ਨੇ ਮੁੰਬਈ ਦੀ ਇਕ ਔਰਤ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ 10 ਸਾਲਾ ਬੇਟੇ ਨੂੰ ਆਪਣੇ ਪਹਿਲਾਂ ਦੇ ਸੱਸ-ਸਹੁਰੇ ਨਾਲ ਹਫਤੇ 'ਚ ਇਕ ਵਾਰ ਮੁਲਾਕਾਤ ਕਰਨ ਦੇਵੇ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਬੱਚੇ ਨੂੰ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਨਾ ਮਿਲਣ ਦੇਣਾ ਗਲਤ ਹੈ। ਮਾਣਯੋਗ ਜੱਜ ਐੱਸ.ਜੇ. ਕਾਠਾਵਾਲਾ ਅਤੇ ਜਸਟਿਸ ਬੀ.ਪੀ.ਕੋਲਾਬਾਵਾਲਾ 'ਤੇ ਆਧਾਰਿਤ ਬੈਂਚ ਨੇ ਇਸ ਹਫਤੇ ਦੇ ਸ਼ੁਰੂ 'ਚ ਔਰਤ ਦੀ ਇਹ ਪਟੀਸ਼ਨ ਰੱਦ ਕਰ ਦਿੱਤੀ ਜਿਸ 'ਚ ਉਸ ਨੇ ਪਰਿਵਾਰ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਉਸ ਨੂੰ ਉਸ ਦੇ ਸਵਰਗੀ ਪਤੀ ਦੇ ਮਾਤਾ-ਪਿਤਾ ਨੂੰ ਆਪਣੇ ਪੋਤਰੇ ਨਾਲ ਹਫਤੇ 'ਚ ਇਕ ਵਾਰ ਜਾਂ ਜਦੋਂ ਵੀ ਉਹ ਦਿੱਲੀ ਤੋਂ ਮੁੰਬਈ ਆਏ, ਮਿਲਣ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬੱਚੇ ਦਾ ਜਨਮ ਦਸੰਬਰ 2009 'ਚ ਹੋਇਆ ਸੀ ਅਤੇ ਉਸ ਦੇ ਪਿਤਾ ਦੀ 2 ਮਹੀਨਿਆਂ ਬਾਅਦ ਮੌਤ ਹੋ ਗਈ ਸੀ।

ਪਤੀ ਦੀ ਮੌਤ ਪਿੱਛੋਂ ਪਤਨੀ ਆਪਣੇ ਮਾਤਾ-ਪਿਤਾ ਕੋਲ ਰਹਿਣ ਲੱਗ ਪਈ ਸੀ ਅਤੇ ਉਸ ਨੇ ਦੋਬਾਰਾ ਵਿਆਹ ਕਰਵਾ ਲਿਆ ਸੀ। ਉਸ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਪਹਿਲਾਂ ਦੇ ਸੱਸ-ਸਹੁਰੇ ਦਾ ਰੱਵਇਆ ਉਸ ਪ੍ਰਤੀ ਠੀਕ ਨਹੀਂ ਸੀ।ਇਸ ਦੇ ਨਾਲ ਹੀ ਉਸ ਦੇ ਬੇਟੇ ਨੇ ਜਨਮ ਤੋਂ ਬਾਅਦ ਕਦੇ ਵੀ ਦਾਦਾ-ਦਾਦੀ ਨਾਲ ਮੁਲਾਕਾਤ ਨਹੀਂ ਕੀਤੀ। ਬੈਂਚ ਨੇ ਸਭ ਦਲੀਲਾਂ ਨੂੰ ਰੱਦ ਕਰ ਕੇ ਉਕਤ ਹੁਕਮ ਦਿੱਤਾ।

ਅਦਾਲਤ ਨੇ ਅਪੀਲ ਕਰਨ ਵਾਲੇ ਨੂੰ ਕਿਹਾ ਹੈ ਕਿ ਉਸ ਦੇ ਸੱਸ-ਸਹੁਰੇ ਦਾ ਰਵੱਈਆ ਉਸ ਨਾਲ ਠੀਕ ਨਹੀਂ ਹੈ ਪਰ ਬੱਚੇ ਨੂੰ ਉਸ ਦੇ ਦਾਦਾ-ਦਾਦੀ ਨਾਲ ਮਿਲਣ ਤੋਂ ਵਾਂਝਾ ਰੱਖਣ ਦਾ ਇਹ ਆਧਾਰ ਨਹੀਂ ਹੋ ਸਕਦਾ ਹੈ। ਬੱਚਾ ਹੁਣ ਤੱਕ ਆਪਣੇ ਦਾਦੇ-ਦਾਦੀ ਨੂੰ ਨਹੀਂ ਮਿਲਿਆ ਇਸ ਦਾ ਜ਼ਿੰਮੇਵਾਰ ਅਪੀਲ ਕਰਨ ਵਾਲਾ ਖੁਦ ਹੀ ਹੈ।

 

Iqbalkaur

Content Editor

Related News