ਗਰਮੀ ''ਚ ਭਾਰਤ ਨੇ ਬਣਾਇਆ ਰਿਕਾਰਡ! ਦੁਨੀਆ ਦੇ 50 ਸਭ ਤੋਂ ਗਰਮ ਸ਼ਹਿਰਾਂ ''ਚ ਸਾਰੇ ਭਾਰਤੀ

Friday, May 22, 2026 - 06:54 PM (IST)

ਗਰਮੀ ''ਚ ਭਾਰਤ ਨੇ ਬਣਾਇਆ ਰਿਕਾਰਡ! ਦੁਨੀਆ ਦੇ 50 ਸਭ ਤੋਂ ਗਰਮ ਸ਼ਹਿਰਾਂ ''ਚ ਸਾਰੇ ਭਾਰਤੀ

ਨਵੀਂ ਦਿੱਲੀ: ਦੇਸ਼ 'ਚ ਗਰਮੀ ਨੇ ਇੱਕ ਅਜਿਹਾ ਰਿਕਾਰਡ ਬਣਾ ਦਿੱਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਜਾਰੀ ਕੀਤੀ ਗਈ ਇੱਕ ਸੂਚੀ ਮੁਤਾਬਕ, ਦੁਨੀਆ ਦੇ ਸਭ ਤੋਂ ਗਰਮ 50 ਸ਼ਹਿਰਾਂ 'ਚ ਸਾਰੇ ਦੇ ਸਾਰੇ ਸ਼ਹਿਰ ਸਿਰਫ਼ ਭਾਰਤ ਦੇ ਹੀ ਦਰਜ ਕੀਤੇ ਗਏ ਹਨ। ਇਸ ਸੂਚੀ ਵਿੱਚ ਕੋਈ ਵੀ ਵਿਦੇਸ਼ੀ ਸ਼ਹਿਰ ਸ਼ਾਮਲ ਨਹੀਂ ਹੈ, ਜੋ ਸਾਲ 2026 ਦੀ ਇਸ ਭਿਆਨਕ ਗਰਮੀ ਦੀ ਸਥਿਤੀ ਨੂੰ ਬਿਆਨ ਕਰਦਾ ਹੈ।

ਬਲਾਂਗੀਰ ਰਿਹਾ ਸਭ ਤੋਂ ਗਰਮ
ਅੰਕੜਿਆਂ ਮੁਤਾਬਕ, ਓਡੀਸ਼ਾ ਦਾ ਬਲਾਂਗੀਰ 45 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਦੁਨੀਆ ਵਿੱਚ ਸਭ ਤੋਂ ਉੱਪਰ ਰਿਹਾ। ਇਸ ਤੋਂ ਬਾਅਦ ਮਹਾਰਾਸ਼ਟਰ ਦਾ ਚੰਦਰਪੁਰ ਅਤੇ ਉੱਤਰ ਪ੍ਰਦੇਸ਼ ਦਾ ਪ੍ਰਯਾਗਰਾਜ 44 ਡਿਗਰੀ ਸੈਲਸੀਅਸ ਦੇ ਨਾਲ ਦੂਜੇ ਨੰਬਰ 'ਤੇ ਰਹੇ। 

ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਸ਼ਹਿਰ
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 50 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ ਅੱਧੇ ਤੋਂ ਵੱਧ ਸ਼ਹਿਰ ਇਕੱਲੇ ਉੱਤਰ ਪ੍ਰਦੇਸ਼ ਦੇ ਹਨ। ਵਾਰਾਣਸੀ, ਬਾਂਦਾ, ਬਰੇਲੀ ਅਤੇ ਅਯੁੱਧਿਆ ਵਰਗੇ ਸ਼ਹਿਰਾਂ ਵਿੱਚ ਦੁਪਹਿਰ ਦੇ 12 ਵਜਣ ਤੋਂ ਪਹਿਲਾਂ ਹੀ ਪਾਰਾ 42 ਤੋਂ 43 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੀ ਕਈ ਸ਼ਹਿਰ ਜਿਵੇਂ ਕਰਨਾਲ (42°C), ਕੁਰੂਕਸ਼ੇਤਰ (42°C), ਪਾਣੀਪਤ (42°C), ਕੈਥਲ (41°C) ਅਤੇ ਜੀਂਦ (41°C) ਇਸ ਸੂਚੀ ਵਿੱਚ ਸ਼ਾਮਲ ਹਨ।

ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਭਾਰਤੀ ਮੌਸਮ ਵਿਭਾਗ (IMD) ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਉੱਤਰ-ਪੱਛਮ ਅਤੇ ਮੱਧ ਭਾਰਤ 'ਚ ਇਹ ਜਾਨਲੇਵਾ ਲੂ (Heatwave) ਜਾਰੀ ਰਹੇਗੀ। ਇਸ ਸਥਿਤੀ ਨੂੰ ਦੇਖਦੇ ਹੋਏ ਕਈ ਸੂਬਿਆਂ 'ਚ ਰੈੱਡ ਤੇ ਔਰੇਂਜ ਅਲਰਟ ਜਾਰੀ ਕੀਤੇ ਗਏ ਹਨ। ਮਾਹਿਰਾਂ ਅਨੁਸਾਰ, ਖੁਸ਼ਕ ਉੱਤਰ-ਪੱਛਮੀ ਹਵਾਵਾਂ, ਸਾਫ਼ ਅਸਮਾਨ ਅਤੇ ਮਾਨਸੂਨ 'ਚ ਦੇਰੀ ਇਸ ਭਿਆਨਕ ਗਰਮੀ ਦੇ ਮੁੱਖ ਕਾਰਨ ਹਨ।

ਸਿਹਤ ਪ੍ਰਤੀ ਸਾਵਧਾਨੀ ਦੀ ਅਪੀਲ
ਗਰਮੀ ਕਾਰਨ ਹਸਪਤਾਲਾਂ 'ਚ ਡੀਹਾਈਡ੍ਰੇਸ਼ਨ, ਕਮਜ਼ੋਰੀ ਤੇ ਲੂ ਲੱਗਣ ਦੇ ਮਾਮਲੇ ਵਧ ਰਹੇ ਹਨ, ਜਿਸ ਦਾ ਸਭ ਤੋਂ ਵੱਧ ਅਸਰ ਬੱਚਿਆਂ, ਬਜ਼ੁਰਗਾਂ ਤੇ ਮਜ਼ਦੂਰਾਂ 'ਤੇ ਪੈ ਰਿਹਾ ਹੈ। ਡਾਕਟਰਾਂ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਬਚੋ। ਲਗਾਤਾਰ ਪਾਣੀ ਪੀਂਦੇ ਰਹੋ ਤੇ ਹਲਕੇ ਕੱਪੜੇ ਪਹਿਨੋ। ਬਿਨਾਂ ਜ਼ਰੂਰਤ ਯਾਤਰਾ ਨਾ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News