ਆ ਗਈ ਮਾਨਸੂਨ ਦੀ ਤਰੀਕ! ਜਾਣੋਂ ਭਿਆਨਕ ਗਰਮੀ ਤੋਂ ਉੱਤਰ ਭਾਰਤ ਨੂੰ ਕਦੋਂ ਮਿਲੇਗੀ ਨਿਜਾਤ
Thursday, May 21, 2026 - 02:52 PM (IST)
ਵੈੱਬ ਡੈਸਕ : ਪੰਜਾਬ ਤੇ ਹਰਿਆਣਾ ਸਮੇਤ ਸਮੁੱਚਾ ਉੱਤਰ ਭਾਰਤ ਇਸ ਸਮੇਂ ਭਿਆਨਕ ਗਰਮੀ ਅਤੇ ਲੂ ਦੀ ਲਪੇਟ 'ਚ ਹੈ। ਕਈ ਜ਼ਿਲ੍ਹਿਆਂ 'ਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ (IMD) ਅਨੁਸਾਰ ਅਗਲੇ 2-3 ਦਿਨ ਹਾਲਾਤ ਅਜਿਹੇ ਹੀ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਕਈ ਸੂਬਿਆਂ 'ਚ 'ਓਰੇਂਜ' ਤੇ 'ਯੈਲੋ' ਅਲਰਟ ਜਾਰੀ ਕੀਤਾ ਗਿਆ ਹੈ।
ਰਿਕਾਰਡ ਤੋੜ ਗਰਮੀ
ਪੰਜਾਬ ਦੇ ਬਠਿੰਡਾ ਤੇ ਫਰੀਦਕੋਟ ਵਰਗੇ ਇਲਾਕਿਆਂ ਵਿੱਚ ਪਾਰਾ 46 ਤੋਂ 47 ਡਿਗਰੀ ਦੇ ਵਿਚਕਾਰ ਰਿਹਾ ਹੈ। ਬਠਿੰਡਾ 'ਚ ਤਾਪਮਾਨ ਮਈ 1984 ਦੇ 48.5 ਡਿਗਰੀ ਦੇ ਰਿਕਾਰਡ ਨੂੰ ਚੁਣੌਤੀ ਦੇ ਰਿਹਾ ਹੈ। ਭਿਆਨਕ ਗਰਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਅਸਮਾਨੀ ਚੜ੍ਹ ਗਈ ਹੈ। ਬੁੱਧਵਾਰ ਨੂੰ ਬਿਜਲੀ ਦੀ ਮੰਗ 14,335 ਮੈਗਾਵਾਟ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ।
ਮਾਨਸੂਨ ਬਾਰੇ ਵੱਡੀ ਖੁਸ਼ਖਬਰੀ
ਭਿਆਨਕ ਗਰਮੀ ਦੇ ਵਿਚਕਾਰ ਰਾਹਤ ਦੀ ਖ਼ਬਰ ਇਹ ਹੈ ਕਿ ਇਸ ਸਾਲ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ 23-24 ਮਈ ਨੂੰ ਅੰਡੇਮਾਨ ਤੱਟ 'ਤੇ ਪਹੁੰਚ ਸਕਦਾ ਹੈ। 26 ਮਈ ਨੂੰ ਕੇਰਲ 'ਚ ਮਾਨਸੂਨ ਦੇ ਪਹੁੰਚਣ ਦੀ ਉਮੀਦ ਹੈ। ਉੱਤਰ ਭਾਰਤ ਤੇ ਪੰਜਾਬ ਵਿੱਚ 22 ਜੂਨ ਦੇ ਆਸਪਾਸ ਮਾਨਸੂਨ ਦੀ ਪਹਿਲੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜੋ ਗਰਮੀ ਤੋਂ ਵੱਡੀ ਰਾਹਤ ਦਿਵਾਏਗੀ।
ਸਿਹਤ ਵਿਭਾਗ ਦੀ ਸਲਾਹ
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਬੇਲੋੜਾ ਘਰੋਂ ਬਾਹਰ ਨਾ ਨਿਕਲਣ। ਵੱਧ ਤੋਂ ਵੱਧ ਪਾਣੀ ਅਤੇ ਓ.ਆਰ.ਐੱਸ. (ORS) ਦਾ ਸੇਵਨ ਕਰਨ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਤਾਂ ਜੋ ਹੀਟ ਸਟ੍ਰੋਕ ਤੋਂ ਬਚਿਆ ਜਾ ਸਕੇ। ਭਾਵੇਂ ਅਗਲੇ ਕੁਝ ਦਿਨ ਉੱਤਰ ਭਾਰਤ ਨੂੰ ਤਪਿਸ਼ ਝੱਲਣੀ ਪਵੇਗੀ, ਪਰ 22 ਜੂਨ ਦੀ ਤਾਰੀਖ ਲੋਕਾਂ ਲਈ ਉਮੀਦ ਦੀ ਕਿਰਨ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
