ਆਲਮੀ ਵਾਤਾਵਰਣ ਦਿਹਾੜੇ ''ਤੇ ਵਿਸ਼ੇਸ਼ : ਜਾਣੋ ਇਸ ਦਿਨ ਦਾ ਇਤਿਹਾਸ ਅਤੇ ਅਹਿਮੀਅਤ

06/05/2021 9:32:12 AM

ਨਰੇਸ਼ ਕੁਮਾਰੀ
ਵਿਸ਼ਵ ਵਾਤਾਵਰਣ ਦਿਹਾੜਾ ਕੀ ਹੈ?
ਸੰਸਾਰ ਦਾ ਕੁਦਰਤੀ ਪਸਾਰਾ, ਜਿਸ ਵਿੱਚ ਪਾਣੀ, ਮਿੱਟੀ, ਜੰਗਲ, ਜੀਵ-ਜੰਤੂ ਵੱਖ-ਵੱਖ ਤਰ੍ਹਾਂ ਦੀਆਂ ਰੁੱਤਾਂ, ਧਰਾਤਲ ਅਤੇ ਵਾਯੂਮੰਡਲ ਆਉਂਦੇ ਹਨ, ਨੂੰ ਵਾਤਾਵਰਣ ਕਿਹਾ ਜਾਂਦਾ ਹੈ। ਇਸਦੇ ਕੁਦਰਤੀ ਰੂਪ ਨੂੰ ਮਨੁੱਖ ਨੇ ਨਿੱਜੀ ਲੋੜਾਂ ਦੇ ਲਈ ਤਹਿਸ ਨਹਿਸ ਕਰਨ ਦੇ ਨਾਲ-ਨਾਲ ਬੇਹੱਦ ਗੰਧਲਾ ਅਤੇ ਨਾ-ਵਰਤਣਯੋਗ ਬਣਾ ਦਿੱਤਾ ਹੈ। ਹੁਣ ਇਹ ਪ੍ਰਦੂਸ਼ਿਤ ਹੀ ਨਹੀਂ ਸਗੋਂ ਬਹੁਤ ਸਾਰੇ ਮਾਰੂ ਰੋਗਾਂ ਦਾ ਕਾਰਨ ਵੀ ਬਣ ਗਿਆ ਹੈ। ਕੁਝ ਸਾਲ ਪਹਿਲਾਂ ਕੁਝ ਸੂਝਵਾਨ ਵਿਅਕਤੀਆਂ ਨੂੰ ਅਜਿਹੇ ਹਾਲਾਤ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਪਰ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ 5 ਜੂਨ 1974 ਨੂੰ ਰਾਸ਼ਟਰਸੰਘ ਵਿਚਲੇ 143 ਦੇਸ਼ਾਂ ਨੇ ਮਿਲਕੇ ਅਮਲੀ ਸੋਚ ਤਿਆਰ ਕੀਤੀ। ਜਿਸਨੂੰ” ਵਿਸ਼ਵਸੰਘ ਵਾਤਾਵਰਣ ਦਿਹਾੜਾ” ਨਾਲ ਜਾਣਿਆ ਗਿਆ। ਇਸ ਸੰਘ ਨੇ ਵਾਤਾਵਰਣ ਬਚਾਓ ਜਾਗਰੂਕਤਾ ਸੰਬੰਧੀ ਪਾਣੀ ਅਤੇ ਪਾਣੀ ਵਿਚਲੇ ਜੀਵਨ, ਜ਼ਮੀਨ, ਜੰਗਲ, ਜੰਗਲੀ ਜੀਵਾਂ, ਵਧਦੀ ਆਬਾਦੀ ਅਤੇ ਵਧਦੀ ਗਰਮੀ ਉੱਤੇ ਚਿੰਤਾ ਜ਼ਾਹਿਰ ਕੀਤੀ।

ਵਿਸ਼ਵ ਵਾਤਾਵਰਣ ਸੰਘ ਨੇ 2005 ਤੋਂ ਹਰ ਸਾਲ ਲਈ ਟੀਚਿਆਂ ਦੇ ਰੂਪ ਵਿੱਚ ਸਲੋਗਨ ਰੱਖੇ ਹਨ ਜਿਵੇਂ :-
2005 : ਸ਼ਹਿਰੀ ਹਰਿਆਲੀ ਲਈ ਰੁੱਖ ਲਗਾਉਣੇ।
2008 : ਵਾਤਾਵਰਣ ਵਿੱਚ ਕਾਰਬਨਡਾਈਆਕਸਾਈਡ ਦੀ ਮਾਤਰਾ ’ਤੇ ਕਾਬੂ ਪਾਉਣਾ।
2011 : ਕੁਦਰਤੀ ਸੋਮਿਆਂ ਨੂੰ ਬਚਾਉਣਾ, ਸਮੁੰਦਰੀ ਕੰਢਿਆਂ ਨੂੰ ਸਾਫ਼-ਸੁਥਰਾ ਰੱਖਣਾ ਅਤੇ ਪੌਦੇ ਲਾਉਣੇ।
2013 : ਖਾਣ ਪੀਣ ਤੋਂ ਪਹਿਲਾਂ ਸੋਚ ਸਮਝ ਕੇ ਸਮੱਗਰੀ ਦਾ ਇਸਤੇਮਾਲ ਕਰਨਾ ਤਾਂ ਕਿ ਫ਼ਾਲਤੂ ਵਸਤਾਂ ਸੁੱਟਣੀਆਂ ਨਾ ਪੈਣ।
2017 : ਲੋਕਾਂ ਨੂੰ ਆਪਸ ਵਿੱਚ ਜੋੜਨਾ।
2020 : ਜੈਵਿਕ ਵਿਭਿੰਨਤਾ ਦਾ ਅਨੰਦ ਮਾਨਣਾ।

ਇਹ ਵੀ ਪੜ੍ਹੋ : ਵਾਹ ਉਏ ਪੰਜਾਬੀਓ! ਪੰਜਾਬ ’ਚ 15000 ’ਚੋਂ 11000 ਛੱਪੜਾਂ ’ਤੇ ਹੋ ਗਏ ਕਬਜ਼ੇ

ਵਾਤਾਵਰਣ ਪ੍ਰਦੂਸ਼ਣ ਤੇ ਰੋਕਥਾਮ :
ਇਹ ਵਿਸ਼ਾ ਜਿੰਨਾਂ ਚਰਚਿਤ ਵਿਸ਼ਿਆਂ ਵਿੱਚੋਂ ਇੱਕ ਹੈ, ਉਨਾ ਹੀ ਮਹੱਤਵਪੂਰਨ ਵੀ ਹੈ। ਇਸ ਉਪਰ ਚਰਚਾ ਕਰਨ ਤੋਂ ਪਹਿਲਾਂ ਆਪਾਂ ਸਾਰਿਆਂ ਲਈ ਇੱਕ ਸੁਝਾਅ ਜ਼ਰੂਰੀ ਸਮਝਦੀ ਹਾਂ ਕਿ ਵਾਤਾਵਰਣ ਦੀ ਸਵੱਛਤਾ ਤੋਂ ਪਹਿਲਾਂ ਸਾਡੇ ਲਈ (ਆਮ ਲੋਕਾਂ ਤੇ ਸਰਕਾਰੀ ਨੁਮਾਇੰਦਿਆਂ) ਆਪਣੇ ਦਿਲੋ ਦਿਮਾਗ ’ਤੇ ਸੋਚ ਦੀ ਸਵੱਛਤਾ ਅਤਿ ਜ਼ਰੂਰੀ ਹੈ। ਵਿਸ਼ਾ ਬਹੁਤ ਵੱਡਾ ਹੈ ਪਰ ਮੈਂ ਗਾਗਰ ਵਿੱਚ ਸਾਗਰ ਭਰਨ ਦੀ ਕੋਸ਼ਿਸ਼ ਕਰਾਂਗੀ।  

ਵਾਤਾਵਰਣ ਦੇ ਪ੍ਰਦੂਸ਼ਣ ਦਾ ਕਾਰਨ ਕਾਰਖਾਨਿਆਂ, ਗੱਡੀਆਂ ਮੋਟਰਾਂ, ਫ਼ਸਲਾਂ ਦੀ ਰਹਿੰਦ-ਖੂੰਹਦ ਜਲਾਉਣ ’ਤੇ ਪੈਦਾ ਹੋਏ ਧੂੰਏ, ਘਰੇਲੂ ਕੂੜਾ-ਕਰਕਟ, ਵੱਡੇ-ਵੱਡੇ ਖੁੱਲ੍ਹੇ ਡੰਪ (ਸ਼ਹਿਰ ਦੀ ਉਹ ਖ਼ੁੱਲ੍ਹੀ ਥਾਂ, ਜਿਥੇ ਨਗਰ ਕੌਂਸਲਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ), ਖੁੱਲੀਆਂ ਹੱਡਾ ਰੋੜੀਆਂ, ਫ਼ਸਲਾਂ ਵਿੱਚ ਜ਼ਿਆਦਾ ਮਿਕਦਾਰ ਵਿੱਚ ਸਪਰੇਹਾਂ ਦੀ ਵਰਤੋਂ, ਘਰੇਲੂ ਤੇ ਉਦਯੋਗਿਕ ਅਦਾਰਿਆਂ ਦਾ ਵਰਤਿਆ ਪ੍ਰਦੂਸ਼ਿਤ ਪਾਣੀ ਤੇ ਹੋਰ ਵਾਧੂ ਸਮੱਗਰੀ, (ਜੋ ਆਮ ਤੌਰ ’ਤੇ ਦਰਿਆਵਾਂ ਜਾਂ ਨਾਲਿਆਂ ਆਦਿ ਵਿੱਚ ਪਾ ਦਿੱਤਾ ਜਾਂਦਾ ਹੈ) ਕਾਰਣ ਹੁੰਦਾ ਹੈ। ਇਸਤੋਂ ਇਲਾਵਾ ਇਥੇ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ’ਤੇ ਆਦਤਾਂ ਦਾ ਜ਼ਿਕਰ ਵੀ ਬਣਦਾ ਹੈ, ਜੋ ਸਾਡੀਆਂ ਆਦਤਾਂ ਵਿੱਚ ਸ਼ਾਮਲ ਹਨ, ਜਿਵੇਂ- ਸਫ਼ਰ ਕਰਦਿਆਂ ਖਾਣਾ ਜਾਂ ਫ਼ਲ ਆਦਿ ਖਾ ਕੇ ਕਾਗਜ਼, ਰੈਪਰ ਜਾਂ ਛਿਲਕੇ ਆਦਿ ਰਸਤੇ ’ਤੇ ਸੁੱਟ ਦੇਣੇ, ਪਾਨ ਅਤੇ ਤਮਾਕੂ ਦੀ ਪੀਕ ਕੰਧਾਂ ਅਤੇ ਜ਼ਮੀਨ ’ਤੇ ਮਾਰ ਦੇਣੀ, ਓਹਲਾ ਜਿਹਾ ਦੇਖਕੇ ਮਲ ਮੂਤਰ ਤੋਂ ਵੀ ਸੰਕੋਚ ਨਾ ਕਰਨਾ, ਭਾਵੇਂ ਉਥੇ ਲਿਖਤੀ ਰੂਪ ਵਿੱਚ ਵਰਜਿਤ ਵੀ ਕੀਤਾ ਗਿਆ ਹੋਵੇ ਤੇ ਚੰਦ ਕਦਮਾਂ ਦੀ ਦੂਰੀ ’ਤੇ ਸੁਲਭ ਸ਼ੌਚਾਲਿਆ ਦੀ ਸੁਵਿਧਾ ਵੀ ਉਪਲੱਭਧ ਹੋਵੇ।

ਇਸ ਸਾਰੀ ਸੋਚ ਪਿੱਛੇ ਅਣਗਹਿਲੀ ਅਤੇ ਸਾਡਾ ਨੀਵਾਂ ਚਰਿੱਤਰ ਕੰਮ ਕਰਦਾ ਹੈ ਕਿ ਇੱਥੇ ਕਿਹੜਾ ਕੋਈ ਦੇਖ ਰਿਹਾ ਹੈ ਜਾਂ ਇਹ ਕਿਹੜਾ ਸਾਡਾ ਘਰ ਹੈ? ਇਥੇ ਇਹ ਲਿਖਣਾ ਬਣਦਾ ਹੈ ਕਿ ਬੇਸ਼ੱਕ ਇਹ ਸਾਡਾ ਤੁਹਾਡਾ ਘਰ ਨਹੀਂ ਪਰ ਗਲੀ, ਮੁਹੱਲਾ, ਪਿੰਡ, ਸ਼ਹਿਰ, ਪ੍ਰਾਂਤ, ਦੇਸ਼, ਸੰਸਾਰ ਤੇ ਬ੍ਰਹਿਮੰਡ ਤਾਂ ਸਾਡਾ ਹੀ ਹੈ। ਇਸਨੇ ਸਾਡੇ ਜੀਵਨ ਨੂੰ ਰਹਿਣ ਦੀ ਥਾਂ ਦੇ ਨਾਲ-ਨਾਲ ਅਨੇਕਾਂ ਨਿਆਮਤਾਂ ਬਖ਼ਸ਼ੀਆਂ ਨੇ, ਤਾਂ ਕੀ ਸਾਡਾ ਇਨਾਂ ਵੀ ਫਰਜ਼ ਨਹੀਂ ਕਿ ਇਸ ਏਵਜ ਵਿੱਚ ਇਸਨੂੰ ਆਪਣੇ ਵੱਲੋਂ ਗੰਦਾ ਕਰਨ ਤੋਂ ਬਚਾਈਏ। ਇਸਦੇ ਨਾਲ-ਨਾਲ ਜ਼ਿਕਰ ਜ਼ਰੂਰੀ ਹੈ ਕਿ ਕਈਆਂ ਪਿੰਡਾਂ ਵਿੱਚ ਗੋਹੇ, ਕੂੜੇ ਦੇ ਢੇਰ,ਗੰਦੇ ਪਾਣੀ ਦੇ ਛੱਪੜ, ਖੁੱਲ੍ਹੀਆਂ ਨਾਲੀਆਂ ਤੇ ਸਵੇਰੇ-ਸਵੇਰੇ ਉਨ੍ਹਾਂ ਦੁਆਲੇ ਲੈਟਰੀਨ ਦੇ ਢੇਰ ਵੀ ਲੱਗੇ ਨਜ਼ਰ ਆ ਜਾਂਦੇ ਹਨ। ਇਹ ਸਾਰੀਆਂ ਚੀਜ਼ਾਂ ਇਥੇ ਦੇ ਵਸਨੀਕਾਂ ਲਈ ਹਜ਼ਾਰਾਂ ਬੀਮਾਰੀਆਂ ਦਾ ਕਾਰਣ ਬਣਦੇ ਹਨ ਪਰ ਅਫਸੋਸ ਦੀ ਗੱਲ ਹੈ ਲੋਕ ਵੀ ਇਨ੍ਹਾਂ ਗੰਦਗੀਆਂ ਵਿੱਚ ਇਵੇਂ ਹੀ ਵਿਚਰੀ ਜਾਂਦੇ ਹਨ, ਤੇ ਪੰਚਾਇਤ ਵੀ ਅੱਖਾਂ ਬੰਦ ਕਰਕੇ ਫੰਡਾਂ ਦੇ ਗੱਫੇ ਲੁੱਟਣ ਨੂੰ ਜੁੜੀ ਹੁੰਦੀ ਹੈ।

ਇਥੇ ਹਰ ਵਸਨੀਕ ਆਪਣੀ ਆਪਣੀ ਦਾੜੀ ਦੀ ਅੱਗ ਬੁਝਾਉਣ ਪਿੱਛੇ ਲੱਗਿਆ ਹੁੰਦਾ ਹੈ, ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੋਚਕੇ ਪੰਚਾਇਤ ਨਾਲ ਵਿਗਾੜਨਾ ਨਹੀਂ ਚਾਹੁੰਦਾ ਤੇ ਚੁਪਚਾਪ ਨਰਕ ਵਰਗੀ ਜ਼ਿੰਦਗੀ ਨੂੰ ਮੱਥਾ ਟੇਕੀ ਜਾਂਦਾ ਹੈ। ਗੱਲ ਇਥੇ ਹੀ ਨਹੀਂ ਮੁੱਕਦੀ, ਸ਼ਹਿਰਾਂ ਵਿੱਚ ਵੀ ਗਲੀਆਂ ਅਵਾਰਾ ਪਸ਼ੂਆਂ ਤੇ ਕੁੱਤਿਆਂ ਨਾਲ ਭਰੀਆਂ ਹੁੰਦੀਆਂ ਹਨ।ਜਿੱਥੇ ਇਹ ਗੰਦਗੀ ਦਾ ਕਾਰਨ ਬਣਦੇ ਹਨ, ਉਥੇ ਹੀ ਹਰ ਸਾਲ ਹਜ਼ਾਰਾਂ ਹਾਦਸਿਆਂ ਤੇ ਮੌਤਾਂ ਦਾ ਕਾਰਨ ਵੀ ਬਣਦੇ ਹਨ। ਇਸਦੇ ਨਾਲ-ਨਾਲ ਹੀ ਮਿਉਂਸਪਲ ਕਮੇਟੀਆਂ ਦੇ ਕਾਮਿਆਂ ਦਾ ਜ਼ਿਕਰ ਬਣਦਾ, ਉਹ ਆਪਣੇ ਕੰਮ ਨੂੰ, ਕੰਮ ਤੋਂ ਜ਼ਿਆਦਾ ਲੋਕਾਂ ਤੇ ਅਹਿਸਾਨ ਕਰਦੇ ਹੋਏ ਅੱਧਾ ਅਧੂਰਾ ਕੂੜਾ ਚੁੱਕਦੇ ਤੇ ਡੰਪ ਤੱਕ ਲਿਜਾਣ ਵਾਲੀਆਂ ਖੁੱਲ੍ਹੀਆਂ ਟਰਾਲੀਆਂ ਵਿੱਚੋਂ ਅੱਧਾ ਪਚੱਧਾ ਕੂੜਾ ਤੇ ਬਦਬੂ ਖਲਾਰਦੇ ਪੂਰੀ ਬੇਪਰਵਾਹੀ ਨਾਲ਼ ਤੁਰੇ ਜਾਂਦੇ ਹਨ। ਇਨ੍ਹਾਂ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਨੇ ਹੀ ਅਫ਼ਸਰਸ਼ਾਹੀ ਦੇ ਘਰ ਕੰਮ ਕਰਨਾ ਹੁੰਦਾ ਹੈ। ਨਾਲੀਆਂ ਕੱਢਣ ਵੇਲੇ ਵੀ ਗੰਦਗੀ ਦੇ ਢੇਰ ਨਾਲੀਆਂ ਕਿਨਾਰੇ ਓਦੋਂ ਤੱਕ ਪਏ ਰਹਿੰਦੇ ਹਨ, ਜਦੋਂ ਤੱਕ ਮੀਂਹ ਆਦਿ ਨਾਲ ਦੁਬਾਰਾ ਤੋਂ ਨਾਲੀ ਵਿੱਚ ਨਹੀਂ ਪੈ ਜਾਂਦਾ।

ਇਹ ਵੀ ਪੜ੍ਹੋ : ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਰੋਕਥਾਮ:
ਪ੍ਰਦੂਸ਼ਣ ਦੇ ਉਪਰੋਕਤ ਕਾਰਨਾਂ ਤੋਂ ਇੱਕ ਸੰਵੇਦਨਸ਼ੀਲ ਵਿਅਕਤੀ ਨੂੰ ਕਾਫੀ ਹੱਦ ਤੱਕ ਇਸਦੇ ਰੋਕਥਾਮ ਦੀ ਸੇਧ ਮਿਲ ਹੀ ਗਈ ਹੋਵੇਗੀ। ਸਭ ਕੁਝ ਮੁਸ਼ਕਿਲ ਜ਼ਰੂਰ ਹੈ, ਅਸੰਭਵ ਨਹੀਂ,ਲੋੜ ਹੈ ਆਪਣੇ ਆਪ ਵਿੱਚ ਬਦਲਾਅ ਲਿਆਉਣ ਦੀ। ਛੋਟੀ ਜਿਹੀ ਉਦਾਹਰਣ ਹੈ, ਜਿਵੇਂ ਕੋਰੋਨਾ ਤੋਂ ਬਚਣ ਲਈ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਹੀ ਇਲਾਜ ਹ ਇਸੇ ਤਰਾਂ ਖਪਤ ਘੱਟ ਕਰਕੇ, ਸੰਸਾਰ ਤੇ ਬ੍ਰਹਿਮੰਡ ਨੂੰ ਆਪਣਾ ਸਮਝਕੇ, ਆਪਣੀ ਜ਼ਮੀਰ ਜਗਾਕੇ, ਆਪਣੇ ਹੱਕ ਹੀ ਨਹੀਂ ਆਪਣੇ ਫ਼ਰਜ਼ਾਂ ਨੂੰ ਅਮਲੀ ਜਾਮਾ ਪਹਿਨਾ ਕੇ ਜ਼ਮੀਨ, ਪਾਣੀ, ਹਵਾ ਨੂੰ ਸ਼ੁੱਧ ਰੱਖਕੇ, ਰੁੱਖਾਂ ਦੀ ਸਾਂਭ-ਸੰਭਾਲ ਕਰਕੇ, ਵੱਧ ਤੋਂ ਵੱਧ ਨਵੇਂ ਰੁੱਖ ਲਾਕੇ, ਆਪਣੇ ਸਫਾਈ ਦੇ ਖਿੱਤੇ ਪ੍ਰਤੀ ਸੌਹਿਰਦ ਹੋ ਕੇ, ਜੰਗਲੀ ਜੀਵਾਂ ਤੇ ਜੰਗਲਾਂ ਨੂੰ ਆਪਣੀਆਂ ਲੋੜਾਂ ਵਿੱਚੋਂ ਮਨਫੀ ਕਰਕੇ ਸਿੱਖਿਆ ਨੂੰ ਪਹਿਲ ਦੇ ਕੇ ਅਤੇ ਸਰਕਾਰਾਂ ਵੱਲੋਂ ਵੀ ਇਨ੍ਹਾਂ ਸਾਰਿਆਂ ਕੰਮਾਂ ਲਈ ਇਮਾਨਦਾਰ ਹੋ ਕੇ ਵਾਤਾਵਰਣ ਨੂੰ ਜੀਵਨਯੋਗ ਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ।

ਵਿਦੇਸ਼ਾਂ ਵਿੱਚ ਪ੍ਰਦੂਸ਼ਣ ’ਤੇ ਕਿਵੇਂ ਕਾਬੂ ਰੱਖਿਆ ਜਾਂਦਾ ਹੈ?
ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਸਾਫ਼ ਕਰਨੀ ਪਵੇਗੀ, ਜੋ ਕਿ ਵਿਦੇਸ਼ੀ ਲੋਕ ਕਰਦੇ ਹਨ।ਅਸੀਂ ਰਹਿਣ-ਸਹਿਣ,ਵਿਹਾਰ,ਖਾਣ ਪੀਣ ਵਿੱਚ ਤਾਂ ਇਨ੍ਹਾਂ ਲੋਕਾਂ ਦੀ ਨਕਲ ਨੂੰ ਸਟੈਂਡਰਡ ਸਮਝਦੇ ਹਾਂ ਪਰ ਹੱਥੀਂ ਸਫਾਈ ਦਾ ਉਹਨਾਂ ਵਾਲਾ ਸਤਰ ਛੂਹਣ ਦੀ ਕੋਸ਼ਿਸ਼ ਨਹੀਂ ਕਰਦੇ। ਵਿਦੇਸ਼ਾਂ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਇਵੇਂ ਕੀਤੀ ਜਾਂਦੀ ਹੈ:-
. ਨਵਾਂ ਘਰ ਖਰੀਦਣ 'ਤੇ ਦੋ, ਤਿੰਨ ਤਰ੍ਹਾਂ ਦੇ ਵੱਡੇ-ਵੱਡੇ ਕੂੜਾਦਾਨ ਮਿਲਦੇ ਹਨ, ਜਿਨਾਂ ਵਿੱਚ ਦੱਸੇ ਅਨੁਸਾਰ ਕੂੜੇ ਦੀ ਕਿਸਮ ਪਾਈ ਜਾਂਦੀ ਹੈ, ਤੇ ਹਰ ਹਫ਼ਤੇ ਕੌਂਸਿਲ ਦਾ ਟਰੱਕ(ਜੋ ਕਿ ਚਾਰੇ ਪਾਸਿਓਂ ਬੰਦ ਹੁੰਦਾ ਹੈ) ਇਨਾਂ ਨੂੰ ਖਾਲੀ ਕਰਕੇ ਕੂੜਾ ਲੈ ਜਾਂਦਾ ਹੈ।
. ਵਾਧੂ ਵਸਤਾਂ ਉਤੇ ਕਾਬੂ, ਖਰੀਦੋ ਫਰੋਖਤ ਵੇਲੇ ਕਪੜੇ ਦੇ ਬਣੇ ਥੈਲੇ, ਗੱਡੀਆਂ ਪ੍ਰਦੂਸ਼ਣ ਰਹਿਤ,ਘੱਟ ਘਰੇਲੂ ਤੇ ਬਾਕੀ ਸਾਰਾ ਵਰਤੋਂ ਦਾ ਸਮਾਨ, ਘਰਾਂ ਤੇ ਹੋਰ ਇਮਾਰਤਾਂ ਬਣਾਉਣ ਵਿੱਚ ਸਿਰਫ਼ ਲੋੜੀਂਦੇ ਸਮਾਨ ਦੀ ਵਰਤੋਂ,ਪਾਣੀ ਵਾਲੀਆਂ ਟੂਟੀਆਂ  ਆਟੋਮੈਟਿਕ ਸਿਸਟਮ ਨਾਲ ਚੱਲਣ ਵਾਲੀਆਂ , ਤਾਂ ਕਿ ਵਰਤੋਂ ਪਿਛੋਂ ਖੁੱਲ੍ਹੀ ਛੱਡਣ 'ਤੇ ਆਪ ਬੰਦ ਹੋ ਜਾਵੇ।
. ਘਰ, ਸੜਕ ਜਾਂ ਕੋਈ ਵੀ ਇਮਾਰਤ ਉਸਾਰਣ ਲੱਗਿਆਂ ਹਰਿਆਲੀ ਤੇ ਕੁਦਰਤੀ ਧਰਾਤਲ ਨੂੰ ਉਸੇ ਸੂਰਤ ਵਿੱਚ ਰੱਖਣ ਦੀ ਕੋਸ਼ਿਸ਼ ਇਥੋਂ ਤੱਕ ਕਿ ਬੂਟੇ ਦੀ ਥਾਂ ਬੂਟਾ ਲਗਾਉਣਾ।
. ਤੁਰੇ ਜਾਂਦੇ, ਰਸਤੇ 'ਤੇ ਪਿਆ ਕੂੜਾ ਕਰਕਟ ਚੁੱਕਣਾ  ਤੇ ਆਪਣੇ ਕੁੱਤੇ ਨੂੰ ਸੈਰ ਕਰਾਉਂਦੇ ਸਮੇਂ ਉਸਨੇ ਮਲ ਮੂਤਰ ਕਰ ਦਿੱਤਾ  ਤਾਂ ਉਸਨੂੰ ਵੀ ਹੱਥ ਵਿੱਚ ਪਹਿਲਾਂ ਤੋਂ ਫੜੇ ਲਿਫਾਫੇ ਵਿੱਚ ਪਾ ਕੇ ਬਿੰਨ ਵਿੱਚ ਸੁੱਟ ਦੇਣਾ।
. ਜੀਵਨ ਵਿੱਚ ਯੋਜਨਾਬੱਧ ਤਰੀਕੇ ਨਾਲ ਚੱਲਣਾ, ਤਾਂ ਕਿ ਕਿਸੇ ਵੀ ਚੀਜ਼ ਦੀ ਵਾਧੂ ਵਰਤੋਂ ਬਚਾਈ ਜਾ ਸਕੇ।
. ਇਨ੍ਹਾਂ ਲੋਕਾਂ ਤੇ ਸਰਕਾਰਾਂ ਦੇ ਇਸ ਵਰਤਾਰੇ ਪਿੱਛੇ ਦੂਰਅੰਦੇਸ਼ੀ ਛੁਪੀ ਹੁੰਦੀ ਹੈ,ਉਹ ਇਹ ਕਿ ਇਹ ਦੇਸ਼ ਸਾਡਾ ਹੈ,ਇਹ ਸਾਨੂੰ ਸਹੂਲਤਾਂ ਦਿੰਦਾ ਹੈ,ਜੋ ਕਿ ਸਾਡੇ ਵੱਲੋਂ ਦਿੱਤੇ ਟੈਕਸ ਕਾਰਣ ਸੰਭਵ ਹੁੰਦਾ ਹੈ।
. ਇਸ ਸਭ ਕੁਝ ਵਿੱਚ ਦੋਨਾਂ ਧਿਰਾਂ, ਪ੍ਰਸ਼ਾਸਨ ਤੇ ਜਨਤਾ ਵੱਲੋਂ ਪੂਰੀ ਸਾਫਦਿਲੀ, ਇਮਾਨਦਾਰੀ ਤੇ ਸਚਾਈ ’ਤੇ ਪਹਿਰਾ ਦਿੱਤਾ ਜਾਂਦਾ ਹੈ।

ਤੱਤ ਸਾਰ:
45 ਸਾਲ ਤੋਂ ਵੱਧ ਹੋ ਗਏ ਸੰਯੁਕਤ ਸੰਘ ਵੱਲੋਂ, ਹਰ ਦੇਸ਼  ਤੇ ਵਿਸ਼ਵ ਨੂੰ ਹਰ ਦਿਨ, ਤੇ ਵਿਸ਼ਵ ਵਾਤਾਵਰਣ ਦਿਵਸ ਤੇ ਵੱਖਰੇ-ਵੱਖਰੇ ਮੀਡੀਆ ਦੁਆਰਾ ਪ੍ਰਦੂਸ਼ਨ ਤੇ ਕਾਬੂ ਪਾਉਣ ਦੇ ਢੰਗਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਪਰ ਲੱਗਦਾ ਇਓਂ ਹੈ,”ਸੁੱਤੇ ਨੂੰ ਜਗਾਇਆ ਜਾ ਸਕਦਾ ਪਰ ਜਾਗਦੇ ਨੂੰ ਨਹੀਂ”। ਦੂਸਰੇ ਪਾਸੇ ਸਰਕਾਰਾਂ ਨੇ ਜਦ ਤੱਕ ਲੋਕਾਂ ਦਾ ਸਮਾਜਿਕ,ਨੈਤਿਕ ਤੇ ਆਰਥਿਕ ਸ਼ੋਸਣ ਕਰਨਾ ਛੱਡ ਕੇ ਇਮਾਨਦਾਰੀ ਨਾਲ ਢੁੱਕਵਾਂ ਵੇਸਟ ਡਿਸਪੋਜ਼ਲ, ਕਿਸਾਨਾਂ ਨੂੰ ਫ਼ਸਲਾਂ ਦੀ ਬਣਦੀ ਕੀਮਤ ਤੇ ਕਿਸਾਨੀ ਦੀ ਸਾਰੀ ਪ੍ਰਣਾਲੀ ਸੌਖੀ ਨਾ ਕੀਤੇ, ਫ਼ਸਲਾਂ ਤੋਂ ਬਾਅਦ ਵਾਲੀ ਰਹਿੰਦ ਖੂੰਹਦ ਲਈ ਧੂੰਆਂ ਮਾਰੂ ਯੰਤਰ ਨਾ ਮੁਹੱਈਆ ਕਰਵਾਏ ਅਤੇ ਸਾਰਾ ਪ੍ਰਸ਼ਾਸਨਿਕ ਢਾਂਚਾ ਦੁਰੁਸਤ ਨਾ ਕੀਤਾ ਤਾਂ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ। ਇਸ ਸਭ ਕੁਝ ਲਈ ਪ੍ਰਸ਼ਾਸਨ ਦੇ ਨਾਲ-ਨਾਲ ਜਨਤਾ ਵੀ ਉਨੀਂ ਕਸੂਰਵਾਰ ਹੈ, ਜੋ ਚੋਣਾਂ ਸਮੇਂ ਪੰਜ-ਪੰਜ ਸੌ ਰੁਪਏ ਜਾਂ ਕੁਝ ਖਾਣ ਪੀਣ ਵਾਲੀਆਂ ਵਸਤੂਆਂ ’ਤੇ ਡਿੱਗ ਜਾਂਦੀ ਹੈ।

ਇਥੇ ਇੱਕ ਬਿਲਕੁੱਲ ਵੱਖਰੇ ਕਿਸਮ ਦੀ ਗੱਲ ਕਰਨੀ ਬਣਦੀ ਹੈ ਕਿ ਇੱਕ ਸਮਾਂ ਸੀ, ਜਦੋਂ ਲੋਕ ਪੁੰਨ ਪਾਪ ਨੂੰ ਮੰਨਦੇ ਹੋਏ ਨੇਕ ਆਚਰਣ ਦਾ ਪੱਲਾ ਫੜ੍ਹਕੇ ਰੱਖਦੇ ਤੇ ਇਮਾਨਦਾਰ ਸਨ। ਅੱਜ ਦਾ ਯੁੱਗ ਪੂਰੀ ਤਰ੍ਹਾਂ ਬਦਲ ਗਿਆ ਹੈ, ਹੁਣ ਹਰ ਕੋਈ ਸਿਰਫ਼ ਤੇ ਸਿਰਫ਼ ਜੁਰਮਾਨੇ ਜਾਂ ਸਜ਼ਾ ਤੋਂ ਹੀ ਡਰਦਾ ਹੈ, ਇਸ ਲਈ ਸਰਕਾਰਾਂ ਨੂੰ ਕਾਨੂੰਨ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ। ਉਪਰੋਕਤ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣਾ ਹੀ ਅਸਲ ਵਿੱਚ ਵਾਤਾਵਰਣ ਦਿਹਾੜੇ ਦੀ ਸਹੀ ਪ੍ਰੀਭਾਸ਼ਾ ਹੋ ਸਕਦੀ ਹੈ।

ਨੋਟ : ਵਾਤਾਵਰਣ ਨੂੰ ਸਾਫ਼ ਰੱਖਣ ਲਈ ਕਿਹੜੇ ਯਤਨ ਹੋਣੇ ਚਾਹੀਦੇ ਹਨ? ਕੁਮੈਂਟ ਕਰਕੇ ਦਿਓ ਆਪਣੀ ਰਾਏ 

 

 


Harnek Seechewal

Content Editor

Related News