ਬਿਹਾਰ ਸਰਕਾਰ ਦੀ ਵੈੱਬਸਾਈਟ 'ਤੇ ਪੰਜਾਬ ਦੇ ਮਜ਼ਦੂਰ ਨੇ ਲਾਈ ਮਦਦ ਦੀ ਗੁਹਾਰ, ਘਰ ਪਹੁੰਚੀ ਪੁਲਸ ਰਹਿ ਗਈ ਦੰਗ

04/10/2020 2:03:52 PM

ਰਾਜਪੁਰਾ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਉੱਚਿਤ ਕਦਮ ਚੁੱਕਦਿਆਂ ਹੋਇਆ ਲਾਕਡਾਊਨ ਲਾ ਦਿੱਤਾ ਸੀ। ਇਸ ਦੇ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਕਈ ਉਪਰਾਲੇ ਕੀਤੇ ਸੀ ਪਰ ਇਸ ਦੌਰਾਨ ਪੰਜਾਬ ਦੇ ਪਟਿਆਲਾ ਜ਼ਿਲੇ 'ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਰਾਜਪੁਰਾ ਸ਼ਹਿਰ ਦੀ ਪ੍ਰੀਤ ਕਾਲੋਨੀ 'ਚ ਰਹਿਣ ਵਾਲਾ ਸੰਤੋਖ ਜੋ ਕਿ ਮੂਲ ਨਿਵਾਸੀ ਬਿਹਾਰ ਦਾ ਹੈ। ਵੀਰਵਾਰ ਨੂੰ ਸੰਤੋਖ ਨੇ ਬਿਹਾਰ ਵੈੱਬਸਾਈਟ 'ਤੇ ਲਿਖ ਦਿੱਤਾ ਕਿ ਉਹ 15 ਦਿਨਾਂ ਤੋਂ ਭੁੱਖਾ ਹੈ , ਪੰਜਾਬ ਸਰਕਾਰ ਉਸ ਦੀ ਮਦਦ ਨਹੀਂ ਕਰ ਰਹੀ ਹੈ, ਤੁਸੀਂ ਮੇਰੀ ਮਦਦ ਕਰੋ। ਕੁਝ ਮਿੰਟਾਂ ਬਾਅਦ ਹੀ ਇਸ ਮੈਸੇਜ ਨੂੰ ਲੈ ਕੇ ਬਿਹਾਰ ਸਰਕਾਰ 'ਚ ਹਫੜਾ-ਦਫੜੀ ਮੱਚ ਗਈ ਅਤੇ ਸਾਰੇ ਉੱਚ ਅਧਿਕਾਰੀ ਸੰਤੋਖ ਦੀ ਮਦਦ ਲਈ ਸਰਗਰਮ ਹੋ ਗਏ। 

ਜਦੋਂ ਬਿਹਾਰ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਤਰੁੰਤ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨਾਲ ਫੋਨ 'ਤੇ ਗੱਲ ਕੀਤੀ ਅਤੇ ਸੰਤੋਖ ਦੀ ਮਦਦ ਕਰਨ ਲਈ ਬੇਨਤੀ ਕੀਤੀ। ਪੰਜਾਬ ਦੇ ਡੀ.ਜੀ.ਪੀ ਨੇ ਸੰਤੋਖ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਪੰਜਾਬ ਪੁਲਸ ਦੇ ਡਾਇਰੈਕਟਰ ਨੇ ਤਰੁੰਤ ਪਟਿਆਲਾ ਦੇ ਐੱਸ.ਐੱਸ.ਪੀ ਨਾਲ ਗੱਲ ਕੀਤੀ ਅਤੇ ਜਲਦੀ ਤੋਂ ਜਲਦੀ ਰਾਹਤ ਸਮੱਗਰੀ ਅਤੇ ਰਾਸ਼ਨ ਸੰਤੋਖ ਤੱਕ ਪਹੁੰਚਾਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਪਟਿਆਲਾ ਦੇ ਐੱਸ.ਐੱਸ.ਪੀ ਨੇ ਡੀ.ਐੱਸ.ਪੀ ਰਾਜਪੁਰਾ ਅਤੇ ਐੱਸ.ਐੱਚ.ਓ. ਨੂੰ ਸੰਤੋਖ ਦੀ ਮਦਦ ਦੇ ਆਦੇਸ਼ ਦਿੱਤੇ। ਐੱਸ.ਐੱਸ.ਪੀ ਦਾ ਆਦੇਸ਼ ਮਿਲਦੇ ਹੀ ਰਾਜਪੁਰਾ ਅਤੇ ਐੱਸ.ਐੱਚ. ਓ ਆਪਣੀ ਟੀਮ ਦੇ ਨਾਲ ਸੰਤੋਖ ਦੇ ਘਰ ਪਹੁੰਚ ਗਿਆ ਅਤੇ ਸੰਤੋਖ ਦੀ ਭਾਲ ਸ਼ੁਰੂ ਕੀਤੀ। 

ਜਦੋਂ ਸੰਤੋਖ ਦੇ ਘਰ ਪੁਲਸ ਪਹੁੰਚੀ ਤਾਂ ਉਸ ਸਮੇਂ ਹੈਰਾਨ ਹੋ ਗਈ ਜਦੋਂ ਉਨ੍ਹਾਂ ਨੇ ਇਹ ਦੇਖਿਆ ਕਿ ਆਪਣੇ ਆਪ ਨੂੰ 15 ਦਿਨਾਂ ਤੋਂ ਭੁੱਖਾ ਦੱਸਣ ਵਾਲੇ ਸੰਤੋਖ ਦੇ ਘਰ 'ਚ ਆਟਾ, ਦਾਲ, ਚਾਵਲ ਸਮੇਤ ਹੋਰ ਰਾਸ਼ਨ ਸਮੱਗਰੀ ਮੌਜੂਦ ਸੀ। ਸੰਤੋਖ ਦੇ ਘਰ ਇੰਨਾ ਰਾਸ਼ਨ ਮੌਜੂਦ ਸੀ ਇਕ ਪਰਿਵਾਰ 20 ਦਿਨਾਂ ਤੱਕ ਆਪਣਾ ਪੇਟ ਆਸਾਨੀ ਨਾਲ ਭਰ ਸਕਦਾ ਹੈ। ਸੰਤੋਖ ਦੀ ਇਸ ਹਰਕਤ ਨੂੰ ਦੇਖ ਕੇ ਪੰਜਾਬ ਪੁਲਸ ਨੇ ਉਸ ਨੂੰ ਫਟਕਾਰ ਲਾਈ ਅਤੇ ਮੌਕੇ 'ਤੇ ਉਨ੍ਹਾਂ ਨੇ ਵੀਡੀਓ ਕਾਲਿੰਗ ਰਾਹੀਂ ਬਿਹਾਰ ਸਰਕਾਰ  ਦੇ ਅਧਿਕਾਰੀਆਂ ਨੂੰ ਸੰਤੋਖ ਦੇ ਘਰ ਦਾ ਹਾਲ ਦਿਖਾਇਆ ਜਿਸ ਨੂੰ ਦੇਖ ਕੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਸ਼ਰਮਿੰਦਾ ਹੋਣਾ ਪਿਆ। ਅੰਤ ਸੰਤੋਖ ਨੇ ਮਾਫੀ ਮੰਗਣ 'ਤੇ ਪੰਜਾਬ ਪੁਲਸ ਨੇ ਉਸ ਨੂੰ ਛੱਡ ਦਿੱਤਾ। 


Iqbalkaur

Content Editor

Related News