ਐੱਮ. ਸੀ. ਡੀ. ਚੋਣ ਨਤੀਜਿਆਂ ਦੇ ਅਧਾਰ ’ਤੇ ਹੋਵੇਗੀ ਸੰਸਦ ਮੈਂਬਰਾਂ ਦੇ ਕੰਮ ਦੀ ਸਮੀਖਿਆ
Thursday, Dec 08, 2022 - 01:03 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਸੰਸਦ ਮੈਂਬਰਾਂ ਦੇ ਖ਼ਰਾਬ ਅਤੇ ਬਿਹਤਰ ਪ੍ਰਦਰਸ਼ਨ ਦੇ ਆਧਾਰ ’ਤੇ ਕੰਮ ਕਰਨ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਚੋਣ ਨਤੀਜਿਆਂ ਦੇ ਆਧਾਰ ’ਤੇ ਹੁਣ ਭਾਜਪਾ ਸੰਸਦ ਮੈਂਬਰਾਂ ਦੇ ਕੰਮ ਦੀ ਸਮੀਖਿਆ ਹੋਵੇਗੀ। ਚੋਣਾਂ ਤੋਂ ਪਹਿਲਾਂ ਹੀ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀ ਦੀ ਤਰਫੋਂ ਵਰਕਰਾਂ ’ਚ ਜੋਸ਼ ਫੈਲਾਉਣ ਅਤੇ ਲੋਕਾਂ ਦਾ ਪਾਰਟੀ ’ਚ ਵਿਸ਼ਵਾਸ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸੰਸਦ ਮੈਂਬਰਾਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਸਭ ਤੋਂ ਵਧੀਆ ਪ੍ਰਦਰਸ਼ਨ ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਗੌਤਮ ਗੰਭੀਰ ਦਾ ਮੰਨਿਆਂ ਜਾ ਰਿਹਾ ਹੈ। ਉਨ੍ਹਾਂ ਤੋਂ ਬਾਅਦ ਵਾਰਡਾਂ ਦੀ ਗਿਣਤੀ ਦੇ ਆਧਾਰ ’ਤੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਡਾ . ਹਰਸ਼ਵਰਧਨ ਰਹੇ। ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਦਾ ਪ੍ਰਦਰਸ਼ਨ ਵੀ ਪਾਰਟੀ ਦੇ ਅਧਿਕਾਰੀਆਂ ਦੀ ਨਜ਼ਰ ’ਚ ਬਿਹਤਰ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਦਾ ਰਿਹਾ ਹੈ। ਉਨ੍ਹਾਂ ਦੇ ਨਾਲ ਹੀ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਅਤੇ ਉੱਤਰ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਹੰਸਰਾਜ ਦਾ ਪ੍ਰਦਰਸ਼ਨ ਬਿਹਤਰ ਨਹੀਂ ਮੰਨਿਆ ਜਾ ਰਿਹਾ ਹੈ। ਦਰਅਸਲ, ਨਵੀਂ ਹੱਦਬੰਦੀ ਤੋਂ ਬਾਅਦ ਕਈ ਸੰਸਦੀ ਹਲਕਿਆਂ ’ਚ ਵਾਰਡਾਂ ਦੀ ਗਿਣਤੀ 25 ਰਹਿ ਗਈ ਅਤੇ ਕਈ ਥਾਵਾਂ ’ਤੇ ਵਧ ਕੇ 41 ਪਹੁੰਚ ਗਈ। ਵਾਰਡਾਂ ਦੀ ਗਿਣਤੀ ’ਚ ਅਸਮਾਨਤਾ ਦੇ ਬਾਵਜੂਦ ਸੰਸਦ ਮੈਂਬਰਾਂ ਨੂੰ ਪਹਿਲਾਂ ਤੋਂ ਹੀ ਪਾਰਟੀ ਹਾਈਕਮਾਂਡ ਵਲੋਂ ਸਪੱਸ਼ਟ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਇਲਾਕਿਆਂ ’ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ-ਨਾਲ ‘ਆਪ’ ਦੀਆਂ ਕਮੀਆਂ ਨੂੰ ਵੀ ਜ਼ੋਰਦਾਰ ਢੰਗ ਨਾਲ ਉਜਾਗਰ ਕਰਨ ਤਾਂ ਜੋ ਚੋਣਾਂ ਦੇ ਸਮੇਂ ਵਰਕਰ ਸੰਸਦ ਮੈਂਬਰਾਂ ਦੇ ਨਾਲ-ਨਾਲ ਵੋਟਰਾਂ ਨਾਲ ਵੀ ਆਸਾਨੀ ਨਾਲ ਜੁੜੇ ਹੋਏ ਮਹਿਸੂਸ ਕਰ ਸਕਣ।