ਕਾਂਵੜ ਮਾਰਗ ''ਤੇ ਮਸਜਿਦਾਂ ਤੇ ਮਜ਼ਾਰਾਂ ਦੇ ਅੱਗੇ ਲਗਾਏ ਗਏ ਪਰਦੇ ਹਟਾਉਣ ਦਾ ਕੰਮ ਸ਼ੁਰੂ , ਬੈਕਫੁੱਟ ''ਤੇ ਆਇਆ ਪ੍ਰਸ਼ਾਸਨ
Friday, Jul 26, 2024 - 09:45 PM (IST)
ਨੈਸ਼ਨਲ ਡੈਸਕ : ਕਾਂਵੜ ਯਾਤਰਾ ਮਾਰਗ 'ਤੇ ਪੈਂਦੀਆਂ ਮਸਜਿਦਾਂ ਅਤੇ ਮਜ਼ਾਰਾਂ ਨੂੰ ਪਰਦਿਆਂ ਨਾਲ ਢੱਕਣ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਘੰਟਿਆਂ ਬਾਅਦ ਇਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਯਾਤਰਾ ਰੂਟ 'ਤੇ ਸ਼ਰਾਬ ਦੀਆਂ ਦੁਕਾਨਾਂ ਦੇ ਅੱਗੇ ਲਗਾਏ ਗਏ ਪਰਦੇ ਨਹੀਂ ਹਟਾਏ ਗਏ ਹਨ। ਇਸ ਵਾਰ ਪਹਿਲੀ ਵਾਰ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵੀ ਪਰਦੇ ਲਗਾਏ ਗਏ ਹਨ। ਹਿੰਦੂਆਂ ਦੀ ਸਭ ਤੋਂ ਵੱਡੀ ਧਾਰਮਿਕ ਯਾਤਰਾ ਇਸ ਸਾਲ ਵਿਵਾਦਾਂ ਨਾਲ ਸ਼ੁਰੂ ਹੋਈ, ਕਿਉਂਕਿ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੇ ਹੋਟਲ ਅਤੇ ਢਾਬਾ ਸੰਚਾਲਕਾਂ ਨੂੰ ਕਾਂਵੜ ਯਾਤਰਾ ਦੇ ਰੂਟ 'ਤੇ ਉਨ੍ਹਾਂ ਦੇ ਨਾਂ ਅਤੇ ਪਤਿਆਂ ਦੇ ਨਾਲ 'ਸਾਈਨ ਬੋਰਡ' ਲਗਾਉਣ ਦੇ ਆਦੇਸ਼ ਦਿੱਤੇ ਸਨ।
ਇਸ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਜਿੱਥੇ ਇਸ ਹੁਕਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਗਈ। ਇਹ ਵਿਵਾਦ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰਾ ਮਾਰਗ 'ਤੇ ਸਥਿਤ ਮਸਜਿਦਾਂ ਅਤੇ ਮਜ਼ਾਰਂ ਨੂੰ ਪਰਦਿਆਂ ਨਾਲ ਢੱਕ ਦਿੱਤਾ। ਰਾਜ ਦੇ ਸੈਰ-ਸਪਾਟਾ ਅਤੇ ਐਂਡੋਮੈਂਟਸ ਮੰਤਰੀ ਸਤਪਾਲ ਮਹਾਰਾਜ ਨੇ ਇਸ ਸਬੰਧ ਵਿਚ ਪੁੱਛੇ ਜਾਣ 'ਤੇ ਕਿਹਾ ਕਿ ਕਾਂਵੜ ਯਾਤਰਾ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਮਸਜਿਦਾਂ ਅਤੇ ਮਜ਼ਾਰਂ ਨੂੰ ਕਵਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, "ਕੁਝ ਚੀਜ਼ਾਂ 'ਤੇ ਸਿਰਫ ਇਹ ਯਕੀਨੀ ਬਣਾਉਣ ਲਈ ਪਾਬੰਦੀ ਲਗਾਈ ਗਈ ਹੈ ਕਿ ਕੋਈ ਸਮੱਸਿਆ ਨਹੀਂ ਹੈ।" ਕਾਂਵੜ ਮਾਰਗ 'ਤੇ ਕਿਸੇ ਵੀ ਤਰ੍ਹਾਂ ਦੀ ਭੀੜ ਤੋਂ ਬਚਣ ਲਈ ਮਸਜਿਦਾਂ ਅਤੇ ਮਜ਼ਾਰਂ ਨੂੰ ਢੱਕ ਦਿੱਤਾ ਗਿਆ ਹੈ।
ਜਵਾਲਾਪੁਰ ਦੇ ਆਰੀਆ ਨਗਰ ਨੇੜੇ ਇਸਲਾਮਨਗਰ ਦੀ ਮਸਜਿਦ ਅਤੇ ਉੱਚੇ ਪੁਲ 'ਤੇ ਬਣੀ ਮਜ਼ਾਰ ਅਤੇ ਮਸਜਿਦ ਨੂੰ ਪਰਦਿਆਂ ਨਾਲ ਢੱਕ ਦਿੱਤਾ ਗਿਆ ਸੀ ਪਰ ਇਸ ਹਰਕਤ ਦਾ ਤਿੱਖਾ ਪ੍ਰਤੀਕਰਮ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਘੰਟਿਆਂ ਵਿਚ ਹੀ ਇਨ੍ਹਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਮਸਜਿਦਾਂ ਅਤੇ ਮਜ਼ਾਰਾਂ ਦੇ ਸਾਹਮਣੇ ਲੱਗੇ ਪਰਦੇ ਹਟਾਉਣ ਲਈ ਪਹੁੰਚੇ ਕਾਂਵੜ ਮੇਲੇ ਦੇ ਐੱਸ.ਪੀ.ਓ (ਪੁਲਸ ਦੀ ਸਹਾਇਤਾ ਲਈ ਤਾਇਨਾਤ ਵਲੰਟੀਅਰ) ਦਾਨਿਸ਼ ਅਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਚੌਕੀ ਤੋਂ ਪਰਦੇ ਹਟਾਉਣ ਦੇ ਆਦੇਸ਼ ਮਿਲੇ ਸਨ ਅਤੇ ਇਸ ਲਈ ਉਹ ਉਨ੍ਹਾਂ ਨੂੰ ਹਟਾਉਣ ਆਇਆ ਸੀ। ਇਸ ਤੋਂ ਪਹਿਲਾਂ ਕਾਂਵੜ ਯਾਤਰਾ ਦੌਰਾਨ ਮਸਜਿਦਾਂ ਅਤੇ ਮਜ਼ਾਰਂ ਨੂੰ ਕਦੇ ਵੀ ਢੱਕਿਆ ਨਹੀਂ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8