ਸਰਕਾਰੀ ਤੇ ਨਿੱਜੀ ਦਫ਼ਤਰਾਂ ''ਚ 50% ਵਰਕ ਫ੍ਰੌਮ ਹੋਮ ਲਾਗੂ, ਗੁਰੂਗ੍ਰਾਮ ''ਚ ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ

Monday, Nov 02, 2026 - 11:42 PM (IST)

ਸਰਕਾਰੀ ਤੇ ਨਿੱਜੀ ਦਫ਼ਤਰਾਂ ''ਚ 50% ਵਰਕ ਫ੍ਰੌਮ ਹੋਮ ਲਾਗੂ, ਗੁਰੂਗ੍ਰਾਮ ''ਚ ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ

ਗੁਰੂਗ੍ਰਾਮ : ਦਿੱਲੀ-ਐੱਨ.ਸੀ.ਆਰ. ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਦੇਖਦਿਆਂ ਗੁਰੂਗ੍ਰਾਮ ਪ੍ਰਸ਼ਾਸਨ ਵੱਲੋਂ ਕਈ ਸਖ਼ਤ ਕਦਮ ਚੁੱਕੇ ਗਏ ਹਨ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੇ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹੇ ਵਿੱਚ 5 ਨਵੰਬਰ ਤੋਂ 20 ਨਵੰਬਰ 2026 ਤੱਕ ਧੂੜ ਉਡਾਉਣ ਵਾਲੀਆਂ ਨਿਰਮਾਣ (ਕੰਸਟ੍ਰਕਸ਼ਨ) ਅਤੇ ਢਾਹੁਣ (ਡੈਮੋਲਿਸ਼ਨ) ਦੀਆਂ ਗਤੀਵਿਧੀਆਂ 'ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਸਰਕਾਰੀ ਅਤੇ ਨਿੱਜੀ (ਪ੍ਰਾਈਵੇਟ) ਦਫ਼ਤਰਾਂ ਵਿੱਚ 50 ਫ਼ੀਸਦੀ ਕਰਮਚਾਰੀਆਂ ਲਈ 'ਵਰਕ ਫ੍ਰੌਮ ਹੋਮ' ਲਾਜ਼ਮੀ ਕਰ ਦਿੱਤਾ ਗਿਆ ਹੈ।

ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਪ੍ਰਦੀਪ ਦਹੀਆ ਨੇ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਸਾਰੇ ਦਫ਼ਤਰਾਂ ਨੂੰ 5 ਨਵੰਬਰ ਤੋਂ ਪਹਿਲਾਂ-ਪਹਿਲਾਂ ਕਰਮਚਾਰੀਆਂ ਦੀ ਹਾਜ਼ਰੀ ਦਾ ਰੋਸਟਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਦਫ਼ਤਰਾਂ ਵਿੱਚ ਇੱਕ ਸਮੇਂ 'ਤੇ 50 ਫ਼ੀਸਦੀ ਤੋਂ ਵੱਧ ਸਟਾਫ਼ ਨਾ ਪਹੁੰਚੇ। ਇਸ ਫੈਸਲੇ ਦਾ ਮੁੱਖ ਮਕਸਦ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਅਤੇ ਪ੍ਰਦੂਸ਼ਣ ਦੇ ਦਬਾਅ ਨੂੰ ਘਟਾਉਣਾ ਹੈ।

ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਪਾਬੰਦੀ ਸਿਰਫ਼ ਆਮ ਇਮਾਰਤਾਂ ਦੀ ਉਸਾਰੀ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਸੜਕਾਂ, ਹਾਈਵੇਅ, ਫਲਾਈਓਵਰ, ਓਵਰਬ੍ਰਿਜ, ਪਾਈਪਲਾਈਨਾਂ ਅਤੇ ਟੈਲੀਕਮਿਊਨੀਕੇਸ਼ਨ ਨਾਲ ਜੁੜੇ ਧੂੜ ਉਡਾਉਣ ਵਾਲੇ ਬਾਹਰੀ ਨਿਰਮਾਣ ਕਾਰਜ ਵੀ ਇਸ ਦੇ ਘੇਰੇ ਵਿੱਚ ਆਉਣਗੇ।

ਕੁਝ ਜ਼ਰੂਰੀ ਪ੍ਰੋਜੈਕਟਾਂ ਨੂੰ ਨਿਰਧਾਰਿਤ ਸ਼ਰਤਾਂ ਅਤੇ ਧੂੜ ਰੋਕੂ ਉਪਾਵਾਂ ਦੀ ਪਾਲਣਾ ਕਰਨ ਦੀ ਹਦਾਇਤ ਨਾਲ ਕੰਮ ਜਾਰੀ ਰੱਖਣ ਦੀ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੈਟਰੋ, ਰੇਲਵੇ, ਏਅਰਪੋਰਟ, ਹਸਪਤਾਲ, ਬੱਸ ਟਰਮੀਨਲ, ਜਲ ਸਪਲਾਈ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਚੁਣਵੀਆਂ ਪ੍ਰੋਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਅਤੇ ਉਨ੍ਹਾਂ ਉਦਯੋਗਿਕ ਇਕਾਈਆਂ ਨੂੰ ਵੀ ਸੀਮਤ ਛੋਟ ਮਿਲੇਗੀ, ਜਿੱਥੇ ਘਰੋਂ ਕੰਮ ਕਰਨਾ ਸੰਭਵ ਨਹੀਂ ਹੈ।

ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਸਾਰਿਆਂ ਵਿਭਾਗਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਆਪਣੇ-ਆਪਣੇ ਖੇਤਰਾਂ ਵਿੱਚ ਨਿਗਰਾਨੀ ਰੱਖਣਗੇ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਏਜੰਸੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਸਾਰੀਆਂ ਪਾਬੰਦੀਆਂ 5 ਨਵੰਬਰ ਤੋਂ 20 ਨਵੰਬਰ 2026 ਤੱਕ ਲਾਗੂ ਰਹਿਣਗੀਆਂ।


author

Inder Prajapati

Content Editor

Related News