ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਇਸ ਹਾਲਾਤ 'ਚ ਮੁਲਾਜ਼ਮ ਬੀਬੀ ਨੂੰ ਮਿਲੇਗੀ 60 ਦਿਨਾਂ ਦੀ ਜਣੇਪਾ ਛੁੱਟੀ

Saturday, Sep 03, 2022 - 11:15 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਦੀਆਂ ਸਾਰੀਆਂ ਮਹਿਲਾ ਮੁਲਾਜ਼ਮਾਂ ਨੂੰ ਜਣੇਪੇ ਤੋਂ ਤੁਰੰਤ ਬਾਅਦ ਨਵਜਨਮੇ ਬੱਚੇ ਦੀ ਮੌਤ ਹੋਣ 'ਤੇ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦਿੱਤੀ ਜਾਵੇਗੀ। ਇਸ ਸਬੰਧ ਵਿਚ ਸ਼ੁੱਕਰਵਾਰ ਨੂੰ ਅਮਲਾ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਵੱਲੋਂ ਇਕ ਹੁਕਮ ਜਾਰੀ ਕੀਤਾ ਗਿਆ। ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਮਰੇ ਹੋਏ ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਲੱਗਣ ਵਾਲੀ ਭਾਵਨਾਤਮਕ ਸੱਟ ਜਾਂ ਜਨਮ ਤੋਂ ਤੁਰੰਤ ਬਾਅਦ ਨਵਜਨਮੇ ਬੱਚੇ ਦੀ ਮੌਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਦਾ ਮਾਂ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਡੀ.ਓ.ਪੀ.ਟੀ. ਨੇ ਕਿਹਾ ਕਿ ਮ੍ਰਿਤ ਬੱਚਾ ਪੈਦਾ ਹੋਣ ਜਾਂ ਜਨਮ ਦੇ ਤੁਰੰਤ ਬਾਅਦ ਉਸ ਦੀ ਮੌਤ ਹੋਣ 'ਤੇ ਛੁੱਟੀ/ਜਣੇਪਾ ਛੁੱਟੀ ਬਾਰੇ ਸਪੱਸ਼ਟੀਕਰਨ ਮੰਗਣ ਵਾਲੀਆਂ ਕਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਵਿਭਾਗ ਨੇ ਹੁਕਮ 'ਚ ਕਿਹਾ,''ਇਸ ਮੁੱਦੇ 'ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਚਰਚਾ ਕੀਤੀ ਗਈ ਹੈ। ਮਰੇ ਹੋਏ ਬੱਚੇ ਦੇ ਜਨਮ ਜਾਂ ਜਣੇਪੇ ਤੋਂ ਤੁਰੰਤ ਬਾਅਦ ਉਸ ਦੀ ਮੌਤ ਦੇ ਸਦਮੇ ਨੂੰ ਧਿਆਨ ਵਿਚ ਰੱਖਦੇ ਹੋਏ, ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਦਾ ਮਹਿਲਾ ਮੁਲਾਜ਼ਮਾਂ ਨੂੰ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 3 ਸਾਲ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੀ ਮੁਲਾਕਾਤ ਸੰਭਵ

ਡੀ.ਓ.ਪੀ.ਟੀ. ਨੇ ਆਪਣੇ ਹੁਕਮ ਵਿਚ ਕਿਹਾ ਹੈ, ਜੇਕਰ ਕੇਂਦਰ ਸਰਕਾਰ ਦੀ ਇਕ ਮਹਿਲਾ ਮੁਲਾਜ਼ਮ ਨੇ ਪਹਿਲਾਂ ਹੀ ਜਣੇਪਾ ਛੁੱਟੀ ਲੈ ਲਈ ਹੈ ਅਤੇ ਉਸ ਦੀ ਛੁੱਟੀ ਮਰੇ ਹੋਏ ਬੱਚੇ ਦੇ ਜਨਮ ਜਾਂ ਬੱਚੇ ਦੀ ਮੌਤ ਤੱਕ ਜਾਰੀ ਰਹਿੰਦੀ ਹੈ ਤਾਂ ਅਜਿਹਾ ਹੋਣ ਦੀ ਤਾਰੀਖ਼ ਤੱਕ ਮੁਲਾਜ਼ਮ ਵਲੋਂ ਲਈ ਗਈ ਛੁੱਟੀ ਨੂੰ ਉਸ ਕੋਲ ਮੌਜੂਦ ਹੋਰ ਕਿਸੇ ਛੁੱਟੀ 'ਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ 'ਚ ਕਿਸੇ ਤਰ੍ਹਾਂ ਦੇ ਮੈਡੀਕਲ ਪ੍ਰਮਾਣ ਪੱਤਰ ਦੀ ਜ਼ਰੂਰਤ ਨਹੀਂ ਹੋਵੇਗੀ। ਹੁਕਮ ਅਨੁਸਾਰ, ਮਹਿਲਾ ਮੁਲਾਜ਼ਮ ਨੂੰ ਮਰੇ ਹੋਏ ਬੱਚੇ ਦੇ ਜਨਮ ਜਾਂ ਬੱਚੇ ਦੀ ਮੌਤ ਦੇ ਦਿਨ ਤੋਂ ਤੁਰੰਤ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦਿੱਤੀ ਜਾਵੇਗੀ। ਹੁਕਮ ਮੁਤਾਬਕ ਜੇਕਰ ਕੇਂਦਰ ਸਰਕਾਰ ਦੀ ਕਿਸੇ ਮਹਿਲਾ ਮੁਲਾਜ਼ਮ ਨੇ ਜਣੇਪਾ ਛੁੱਟੀ ਨਹੀਂ ਲਈ ਹੈ ਤਾਂ ਉਸ ਨੂੰ ਮ੍ਰਿਤਕ ਬੱਚੇ ਦੇ ਜਨਮ ਜਾਂ ਬੱਚੇ ਦੀ ਮੌਤ ਤੋਂ ਬਾਅਦ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦਿੱਤੀ ਜਾ ਸਕਦੀ ਹੈ। ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਜਾਰੀ ਕੀਤੇ ਗਏ ਹੁਕਮ ਅਨੁਸਾਰ, ਜੇ ਨਵਜੰਮੇ ਬੱਚੇ ਦੀ ਜਣੇਪੇ ਦੀ ਤਾਰੀਖ਼ ਤੋਂ 28 ਦਿਨਾਂ ਦੇ ਅੰਦਰ ਮੌਤ ਹੋ ਜਾਂਦੀ ਹੈ ਤਾਂ ਇਹ ਵਿਵਸਥਾ ਪ੍ਰਭਾਵੀ ਮੰਨੀ ਜਾਵੇਗੀ। ਡੀ.ਓ.ਪੀ.ਟੀ. ਅਨੁਸਾਰ, ਮ੍ਰਿਤਕ ਬੱਚੇ ਦਾ ਜਨਮ... ਜਨਮ ਤੋਂ ਬਾਅਦ ਬੱਚੇ ਦੇ ਜੀਵਨ ਦਾ ਕੋਈ ਲੱਛਣ ਨਜ਼ਰ ਨਹੀਂ ਆਉਣਾ ਜਾਂ 28 ਹਫ਼ਤੇ (7 ਮਹੀਨੇ) ਦੀ ਗਰਭ ਅਵਸਥਾ ਤੋਂ ਬਾਅਦ ਜਿਊਂਦੇ ਬੱਚੇ ਦਾ ਜਨਮ ਨਹੀਂ ਹੋਣਾ ਦੇ ਰੂਪ 'ਚ ਪਰਿਭਾਸ਼ਿਤ ਹੈ। ਹੁਕਮ ਅਨੁਸਾਰ ਵਿਸ਼ੇਸ਼ ਜਣੇਪਾ ਛੁੱਟੀ ਦਾ ਲਾਭ ਕੇਂਦਰ ਸਰਕਾਰ ਦੀਆਂ ਸਿਰਫ਼ ਉਨ੍ਹਾਂ ਮਹਿਲਾ ਕਰਮਚਾਰੀਆਂ ਨੂੰ ਹੀ ਮਿਲੇਗਾ ਜਿਨ੍ਹਾਂ ਦੇ ਦੋ ਤੋਂ ਘੱਟ ਬੱਚੇ ਹਨ ਅਤੇ ਜਿਨ੍ਹਾਂ ਦੀ ਡਿਲੀਵਰੀ ਕਿਸੇ ਅਧਿਕਾਰਤ ਹਸਪਤਾਲ ਵਿਚ ਹੋਈ ਹੈ। ਡੀ.ਓ.ਪੀ.ਟੀ. ਦੇ ਹੁਕਮ ਅਨੁਸਾਰ, ਪੈਨਲ ਤੋਂ ਬਾਹਰ ਪ੍ਰਾਈਵੇਟ ਹਸਪਤਾਲ ਵਿਚ ਐਮਰਜੈਂਸੀ ਡਿਲੀਵਰੀ ਦੀ ਸਥਿਤੀ ਵਿਚ 'ਐਮਰਜੈਂਸੀ ਸਰਟੀਫਿਕੇਟ' ਪੇਸ਼ ਕਰਨਾ ਲਾਜ਼ਮੀ ਹੋਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News