ਔਰਤਾਂ ਦੇ ਖ਼ਾਤਿਆਂ ''ਚ ਇਸ ਦਿਨ ਆਉਣਗੇ 2500 ਰੁਪਏ
Thursday, Feb 20, 2025 - 12:01 PM (IST)

ਨਵੀਂ ਦਿੱਲੀ- ਰੇਖਾ ਗੁਪਤਾ ਅੱਜ ਯਾਨੀ ਕਿ ਵੀਰਵਾਰ ਨੂੰ ਰਾਮਲੀਲਾ ਮੈਦਾਨ 'ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇਗੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਵਾਅਦੇ ਮੁਤਾਬਕ ਭਾਜਪਾ ਹਰ ਮਹੀਨੇ ਔਰਤਾਂ ਦੇ ਖ਼ਾਤਿਆਂ ਵਿਚ 2500 ਰੁਪਏ ਦੀ ਰਾਸ਼ੀ ਦੇਣਾ ਸ਼ੁਰੂ ਕਰੇਗੀ। ਰੇਖਾ ਗੁਪਤਾ ਨੇ ਕਿਹਾ ਕਿ 2500 ਰੁਪਏ ਦੀ ਪਹਿਲੀ ਕਿਸ਼ਤ 8 ਮਾਰਚ ਤੱਕ ਦਿੱਲੀ ਦੀਆਂ ਔਰਤਾਂ ਦੇ ਖਾਤਿਆਂ 'ਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨੇ ਨੂੰ ਪੂਰਾ ਕਰਨਾ ਦਿੱਲੀ ਵਿਚ ਭਾਜਪਾ ਦੇ ਸਾਰੇ 48 ਵਿਧਾਇਕਾਂ ਦੀ ਜ਼ਿੰਮੇਵਾਰੀ ਹੈ। ਅਸੀਂ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰਾਂਗੇ। ਦਿੱਲੀ ਦੀਆਂ ਔਰਤਾਂ ਦੇ ਖਾਤਿਆਂ ਵਿਚ 8 ਮਾਰਚ ਤੱਕ 2500 ਰੁਪਏ ਆਉਣੇ ਸ਼ੁਰੂ ਹੋ ਜਾਣਗੇ।
ਦੱਸ ਦੇਈਏ ਕਿ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 70 ਵਿਚੋਂ 48 ਸੀਟਾਂ ਜਿੱਤ ਕੇ ‘ਆਪ’ ਦੇ ਦਹਾਕੇ ਤੋਂ ਚੱਲੇ ਆ ਰਹੇ ਸ਼ਾਸਨ ਦਾ ਅੰਤ ਕਰ ਦਿੱਤਾ। ਚੋਣਾਂ ਦੌਰਾਨ ਭਾਜਪਾ ਨੇ ਆਪਣੇ ਮੈਨੀਫੈਸਟੋ ਵਿਚ ਵਾਅਦਾ ਕੀਤਾ ਸੀ ਕਿ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਮਹੀਨਾਵਾਰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਵੀਰਵਾਰ ਦੁਪਹਿਰ ਨੂੰ ਰਾਮਲੀਲਾ ਮੈਦਾਨ ਵਿਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਆਗੂ ਮੌਜੂਦ ਰਹਿਣਗੇ।