ਔਰਤ ਨੇ ਦੋਸਤ ਨੂੰ ਇੱਛਾ ਮੌਤ ਲਈ ਵਿਦੇਸ਼ ਜਾਣ ਤੋਂ ਰੋਕਣ ਸੰਬੰਧੀ ਦਾਇਰ ਪਟੀਸ਼ਨ ਲਈ ਵਾਪਸ

08/19/2022 4:01:09 PM

ਨਵੀਂ ਦਿੱਲੀ (ਭਾਸ਼ਾ)- ਬੀਮਾਰੀ ਕਾਰਨ ਇੱਛਾ ਮੌਤ ਲਈ ਆਪਣੇ ਦੋਸਤ ਨੂੰ ਸਵਿਟਜ਼ਰਲੈਂਡ ਜਾਣ ਤੋਂ ਰੋਕਣ ਦੇ ਸੰਬੰਧ 'ਚ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੀ ਇਕ ਔਰਤ ਨੇ ਵੀਰਵਾਰ ਨੂੰ ਪਟੀਸ਼ਨ ਵਾਪਸ ਲੈ ਲਈ | ਪਟੀਸ਼ਨਕਰਤਾ ਦੇ ਵਕੀਲ ਨੇ ਜਸਟਿਸ ਯਸ਼ਵੰਤ ਵਰਮਾ ਨੂੰ ਕਿਹਾ ਕਿ ਉਹ 'ਉਲਝਣ' ਵਿਚ ਸੀ ਅਤੇ ਹੁਣ ਉਹ ਆਪਣੀ ਪਟੀਸ਼ਨ ਵਾਪਸ ਲੈਣਾ ਚਾਹੁੰਦੀ ਹੈ, ਜੋ ਪਿਛਲੇ ਹਫ਼ਤੇ ਦਾਇਰ ਕੀਤੀ ਗਈ ਸੀ। ਵਕੀਲ ਨੇ 49 ਸਾਲਾ ਔਰਤ ਦਾ ਬਿਆਨ ਪੜ੍ਹਿਆ,“ਮੈਂ ਇਸ ਪਟੀਸ਼ਨ ਨੂੰ ਵਾਪਸ ਲੈਣਾ ਚਾਹਾਂਗੀ ਕਿਉਂਕਿ ਮੈਨੂੰ ਪਤਾ ਲੱਗਾ ਹੈ ਕਿ (ਮੇਰੇ ਦੋਸਤ) ਨੂੰ ਇਸ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਮੈਨੂੰ ਡਰ ਹੈ ਕਿ ਜੇਕਰ ਮੈਂ ਅੱਗੇ ਵਧੀ ਤਾਂ ਇਸ ਪਟੀਸ਼ਨ ਦਾਇਰ ਕਰਨ ਦਾ ਮਕਸਦ ਵਿਅਰਥ ਹੋ ਸਕਦਾ ਹੈ।'' ਅਦਾਲਤ ਨੇ ਔਰਤ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ 'ਚ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ ਕਿ ਉਸ ਦੇ ਦੋਸਤ, ਜਿਸ ਦੀ ਉਮਰ 45 ਤੋਂ 49 ਸਾਲ ਦਰਮਿਆਨ ਹੈ ਅਤੇ 'ਮਾਇਲਜਿਕ ਐਨਸੇਫੈਲੋਮਾਈਲਾਈਟਿਸ' ਨਾਂ ਦੀ ਬੀਮਾਰੀ ਤੋਂ ਪੀੜਤ ਹਨ, ਨੂੰ 'ਇਮੀਗ੍ਰੇਸ਼ਨ ਕਲੀਅਰੈਂਸ' ਨਾ ਦਿੱਤੀ ਜਾਵੇ ਕਿਉਂਕਿ ਉਹ ਡਾਕਟਰ ਦੀ ਮਦਦ ਨਾਲ ਮੌਤ ਦੀ ਨੀਂਦ ਸੌਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਦੇ ਕਿਰਪਾਨ ਰੱਖਣ ’ਤੇ ਰੋਕ ਨਹੀਂ : ਦਿੱਲੀ ਹਾਈ ਕੋਰਟ

ਪਟੀਸ਼ਨਕਰਤਾ ਨੇ ਕਿਹਾ ਕਿ ਉਸ ਦੇ ਦੋਸਤ ਦਾ ਪਹਿਲਾਂ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) 'ਚ ਇਲਾਜ ਹੋਇਆ ਸੀ ਪਰ 'ਅੰਗ ਦਾਨੀਆਂ ਦੀ ਉਪਲੱਬਧਤਾ ਦੇ ਮੁੱਦਿਆਂ' ਕਾਰਨ ਮਹਾਮਾਰੀ ਦੌਰਾਨ ਇਹ ਜਾਰੀ ਨਹੀਂ ਰਹਿ ਸਕਿਆ। ਵਕੀਲ ਸੁਭਾਸ਼ ਚੰਦਰਨ ਕੇ.ਆਰ. ਰਾਹੀਂ ਦਾਖ਼ਲ ਪਟੀਸ਼ਨ 'ਚ ਕਿਹਾ ਗਿਆ,''ਪ੍ਰਤੀਵਾਦੀ ਨੰਬਰ 3 (ਪਟੀਸ਼ਨਕਰਤਾ ਦੇ ਦੋਸਤ) ਨੂੰ ਭਾਰਤ ਜਾਂ ਵਿਦੇਸ਼ 'ਚ ਬਿਹਤਰ ਇਲਾਜ ਪ੍ਰਦਾਨ ਕਰਨ ਲਈ ਕੋਈ ਵਿੱਤੀ ਰੁਕਾਵਟ ਨਹੀਂ ਹੈ ਪਰ ਉਹ ਹੁਣ ਇੱਛਾ ਮੌਤ ਲਈ ਜਾਣ ਦੇ ਆਪਣਏ ਫ਼ੈਸਲੇ 'ਤੇ ਪੱਕਾ ਹੈ, ਜੋ ਉਸ ਦੇ ਬਜ਼ੁਰਗ ਮਾਤਾ-ਪਿਤਾ ਦੇ ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਨਿਮਰਤਾਪੂਰਵਕ ਬੇਨਤੀ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਦੀ ਆਸ ਦੀ ਇਕ ਕਿਰਨ ਹਾਲੇ ਵੀ ਕਾਇਮ ਹੈ।'' ਪਟੀਸ਼ਨਕਰਤਾ ਨੇ ਇਸ ਤਰ੍ਹਾਂ ਅੱਗੇ ਕੇਂਦਰ ਨੂੰ ਇਕ ਮੈਡੀਕਲ ਬੋਰਡ ਦਾ ਗਠਨ ਕਰਨ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ, ਜੋ ਉਨ੍ਹਾਂ ਦੇ ਦੋਸਤ ਦੀ ਮੈਡੀਕਲ ਸਥਿਤੀ ਦੀ ਜਾਂਚ ਕਰੇ ਅਤੇ ਉਸ ਨੂੰ ਜ਼ਰੂਰੀ ਮੈਡੀਕਲ ਮਦਦ ਵੀ ਪ੍ਰਦਾਨ ਕਰੇ, ਜਿਸ ਨੇ ਇਲਾਜ ਕਰਵਾਉਣ ਦੇ ਝੂਠੇ ਬਹਾਨੇ ਬਣਾ ਕੇ ਸਵਿਟਜ਼ਰਲੈਂਡ ਲਈ ਵੀਜ਼ਾ ਪ੍ਰਾਪਤ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News