Fact Check : ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦੀ ਇਹ ਔਰਤ ਕੰਗਨਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੀ ਮਾ
Monday, Jun 10, 2024 - 06:23 PM (IST)
Fact Check By AajTak
ਨਵੀਂ ਦਿੱਲੀ- ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਹੋਣ ਦਾ ਦਾਅਵਾ ਕਰਨ ਵਾਲਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕੁਝ ਔਰਤਾਂ ਨੂੰ ਪੀ.ਐੱਮ. ਮੋਦੀ ਖ਼ਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਲਵਿੰਦਰ ਕੌਰ ਦੀ ਮਾਂ ਹੈ, ਜਿਸ ਨੇ ਕਿਸਾਨ ਅੰਦੋਲਨ ਦੌਰਾਨ ਇਹ ਨਾਅਰੇ ਲਾਏ ਸਨ। ਵਾਇਰਲ ਵੀਡੀਓ ਪੰਜਾਬ ਕੇਸਰੀ ਦੀ ਪੁਰਾਣੀ ਰਿਪੋਰਟ ਦੀ ਹੈ।
ਇਕ 'ਐਕਸ' ਯੂਜ਼ਰ ਨੇ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,"ਖੁਲਾਸਾ ਹੋਇਆ ਹੈ ਕਿ ਪੰਜਾਬ 'ਚ ਜੋ ਮਰ ਜਾ ਮੋਦੀ, ਮਰ ਜਾ ਮੋਦੀ' ਦੇ ਨਾਅਰੇ ਜੋ ਔਰਤ ਲਗਾ ਰਹੀ ਹੈ, ਉਹੀ ਸੀ.ਆਈ.ਐੱਸ.ਐੱਫ. ਦੀ ਕਾਂਸਟੇਬਲ ਦੀ ਮਾਂ ਹੈ, ਜਿਸ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ।
ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਕਿੰਨੇ ਜ਼ਹਿਰੀਲੇ ਮਾਹੌਲ 'ਚ ਰਹਿੰਦੀ ਹੈ।'' ਵਾਇਰਲ ਵੀਡੀਓ ਨੂੰ ਫੇਸਬੁੱਕ 'ਤੇ ਵੀ ਇਨ੍ਹਾਂ ਦਾਅਵਿਆਂ ਨਾਲ ਸ਼ੇਅਰ ਕੀਤਾ ਗਿਆ ਹੈ। ਵਾਇਰਲ ਪੋਸਟ ਦਾ ਆਕਰਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਦਰਅਸਲ, 2020-21 'ਚ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਉੱਥੇ ਬੈਠੀਆਂ ਔਰਤਾਂ ਨੂੰ 100-100 ਰੁਪਏ ਲੈ ਕੇ ਵਿਰੋਧ ਕਰਨ ਵਾਲੀਆਂ ਕਿਹਾ ਸੀ। ਚੰਡੀਗੜ੍ਹ ਏਅਰਪੋਰਟ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਇਕ ਵੀਡੀਓ 'ਚ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਕੰਗਨਾ ਨੇ ਅੰਦੋਲਨ 'ਚ ਬੈਠੀਆਂ ਜਿਹੜੀਆਂ ਔਰਤਾਂ ਲਈ ਇਹ ਬਿਆਨ ਦਿੱਤਾ ਸੀ, ਉਸ 'ਚ ਉਸ ਦੀ ਮਾਂ ਵੀ ਸੀ।
ਆਜ ਤਕ ਫੈਕਟ ਚੈੱਕ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਖਿਲਾਫ ਨਾਅਰੇਬਾਜ਼ੀ ਕਰਨ ਵਾਲੀ ਔਰਤ ਕੁਲਵਿੰਦਰ ਕੌਰ ਦੀ ਮਾਂ ਨਹੀਂ ਸਗੋਂ ਟਰੇਡ ਯੂਨੀਅਨ ਆਗੂ ਊਸ਼ਾ ਰਾਣੀ ਹੈ।
ਕਿਵੇਂ ਪਤਾ ਲੱਗੀ ਸੱਚਾਈ?
ਕਿਸਾਨ ਅੰਦੋਲਨ ਅਤੇ ਪੰਜਾਬ ਕੇਸਰੀ ਨਾਲ ਜੁੜੇ ਕੀਵਰਡਸ ਦੇ ਆਧਾਰ 'ਤੇ ਖੋਜ ਕਰਨ 'ਤੇ ਸਾਨੂੰ ਵਾਇਰਲ ਵੀਡੀਓ ਦਾ ਪੂਰਾ ਹਿੱਸਾ ਪੰਜਾਬ ਕੇਸਰੀ ਦੇ ਯੂਟਿਊਬ ਚੈਨਲ 'ਤੇ ਮਿਲਿਆ। ਇਸ ਨੂੰ ਇੱਥੇ 14 ਦਸੰਬਰ 2020 ਨੂੰ ਅਪਲੋਡ ਕੀਤਾ ਗਿਆ ਸੀ।
ਥੋੜ੍ਹੀ ਹੋਰ ਖੋਜ ਕਰਨ 'ਤੇ ਸਾਨੂੰ 14 ਦਸੰਬਰ 2020 ਦੀ ਹੀ 'ਨਿਊਜ਼ ਤੱਕ' ਦੀ ਵੀਡੀਓ ਰਿਪੋਰਟ ਮਿਲੀ। ਇਸ ਰਿਪੋਰਟ 'ਚ ਵਾਇਰਲ ਵੀਡੀਓ ਨੂੰ ਦਿੱਲੀ-ਜੈਪੁਰ ਹਾਈਵੇਅ 'ਤੇ ਹੋਏ ਕਿਸਾਨ ਅੰਦੋਲਨ ਦਾ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਨਵੰਬਰ-ਦਸੰਬਰ 2020 'ਚ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਸ਼ੁਰੂ ਹੋਇਆ ਸੀ।
'ਨਿਊਜ਼ ਤੱਕ' ਦੀ ਰਿਪੋਟਰ 'ਚ ਸਾਨੂੰ ਅਖਿਲ ਭਾਰਤੀ ਕਿਸਾਨ ਸਭਾ ਦੇ ਝੰਡੇ ਦਿੱਸੇ। ਇਸ ਦੇ ਨਾਲ ਹੀ ਸਾਨੂੰ ਇਕ ਬੈਨਰ ਦਿੱਸਿਆ ਜਿਸ 'ਤੇ 'ਕਿਸਾਨ ਅੰਦੋਲਨ, ਘੜਸਾਨਾ ਤੋਂ ਦਿੱਲੀ (ਰਾਜਸਥਾਨ)' ਲਿਖਿਆ ਹੋਇਆ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਇਸ ਖੇਤਰ ਦੇ ਕਿਸਾਨ ਨੇਤਾਵਾਂ ਨਾਲ ਗੱਲ ਕੀਤੀ। ਅਖਿਲ ਭਾਰਤੀ ਕਿਸਾਨ ਸਭਾ ਦੇ ਨੇਤਾ ਸੁਮਿਤ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ 'ਚ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੀ ਔਰਤ ਊਸ਼ਾ ਰਾਣੀ ਹੈ।
ਅਸੀਂ ਊਸ਼ਾ ਰਾਣੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਆਜ ਤਕ ਨਾਲ ਗੱਲਬਾਤ 'ਚ ਦੱਸਿਆ ਕਿ ਉਹ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਆਈਟੀਯੂ) ਦੀ ਕੌਮੀ ਸਕੱਤਰ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵੀਡੀਓ 'ਚ ਨਾਅਰੇਬਾਜ਼ੀ ਕਰਨ ਵਾਲੀ ਔਰਤ ਉਹੀ ਹੈ। ਊਸ਼ਾ ਨੇ ਦੱਸਿਆ ਕਿ ਇਹ ਵੀਡੀਓ 13 ਦਸੰਬਰ 2020 ਦਾ ਹੈ ਜਦੋਂ ਰਾਜਸਥਾਨ ਦੀਆਂ ਔਰਤਾਂ ਦਿੱਲੀ-ਜੈਪੁਰ ਹਾਈਵੇਅ 'ਤੇ ਸਥਿਤ ਸ਼ਾਹਜਹਾਂਪੁਰ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈਆਂ ਸਨ।
ਜਦੋਂ ਅਸੀਂ ਊਸ਼ਾ ਰਾਣੀ ਨੂੰ ਪੁੱਛਿਆ ਕਿ ਕੀ ਇਸ ਦੌਰਾਨ ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਤਾ ਵੀ ਉਨ੍ਹਾਂ ਦੇ ਨਾਲ ਸੀ ਤਾਂ ਊਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਪੰਜਾਬ ਦੀ ਕੋਈ ਮਹਿਲਾ ਕਿਸਾਨ ਨਹੀਂ ਸੀ।
ਊਸ਼ਾ ਰਾਣੀ ਨੇ ਸਾਨੂੰ “ਏਬੀਪੀ ਸਾਂਝਾ” ਦੀ ਉਸੇ ਸਮੇਂ ਦੀ ਇਕ ਰਿਪੋਰਟ ਭੇਜੀ ਸੀ ਜਿਸ ਵਿਚ ਉਨ੍ਹਾਂ ਨੂੰ ਵਾਇਰਲ ਵੀਡੀਓ ਵਾਲੇ ਕੱਪੜਿਆਂ 'ਚ ਹੀ ਦੇਖਿਆ ਜਾ ਸਕਦਾ ਹੈ।
ਕੌਣ ਹੈ ਕੁਲਵਿੰਦਰ ਕੌਰ ਦੀ ਮਾਂ?
ਬੀਬੀਸੀ ਦੀ ਇਕ ਵੀਡੀਓ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਹੀਵਾਲ ਦੀ ਰਹਿਣ ਵਾਲੀ ਹੈ। ਬੀਬੀਸੀ ਨੇ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਅਤੇ ਮਾਂ ਵੀਰ ਕੌਰ ਨਾਲ ਗੱਲ ਕੀਤੀ ਹੈ। ਵੀਰ ਕੌਰ ਨੇ ਦੱਸਿਆ ਹੈ ਕਿ ਉਹ ਆਪਣੀ ਜ਼ਮੀਨ ਬਚਾਉਣ ਲਈ ਕਿਸਾਨ ਅੰਦੋਲਨ ਦੌਰਾਨ ਸਰਹੱਦ 'ਤੇ ਬੈਠੀ ਸੀ।
ਊਸ਼ਾ ਰਾਣੀ ਅਤੇ ਕੁਲਵਿੰਦਰ ਕੌਰ ਦੇ ਚਿਹਰਿਆਂ ਨੂੰ ਮਿਲਾ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੀ ਔਰਤ ਸੀ.ਆਈ.ਐੱਸ.ਐੱਫ. ਕਾਂਸਟੇਬਲ ਦੀ ਮਾਂ ਵੀਰ ਕੌਰ ਨਹੀਂ ਹੈ।
ਇਸ ਤੋਂ ਬਾਅਦ ਅਸੀਂ ਆਜ ਤਕ ਦੇ ਕਪੂਰਥਲਾ ਪੱਤਰਕਾਰ ਸੁਕੇਸ਼ ਗੁਪਤਾ ਰਾਹੀਂ ਕੁਲਵਿੰਦਰ ਕੌਰ ਦੀ ਮਾਤਾ ਨਾਲ ਵੀ ਗੱਲ ਕੀਤੀ। ਆਜ ਤਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਰਾਜਸਥਾਨ ਦੇ ਸ਼ਾਹਜਹਾਂਪੁਰ ਬਾਰਡਰ 'ਤੇ ਨਹੀਂ ਗਈ ਸੀ।
ਇੱਥੇ ਸਾਡੀ ਜਾਂਚ ਇਹ ਸਪੱਸ਼ਟ ਕਰਦੀ ਹੈ ਕਿ ਕਿਸਾਨ ਅੰਦੋਲਨ 'ਚ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੀ ਇਕ ਔਰਤ ਨੂੰ ਕੁਲਵਿੰਦਰ ਕੌਰ ਦੀ ਮਾਂ ਕਹਿ ਕੇ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Aaj Tak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)