3 ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਮੁੰਬਈ ਗਈ ਔਰਤ ਦਾ ਕਤਲ, ਕੂੜੇ ''ਚੋਂ ਮਿਲੀ ਗਲੀ-ਸੜੀ ਲਾਸ਼
Friday, Oct 23, 2026 - 10:03 PM (IST)
ਮੁੰਬਈ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਰੇਹੜ ਖੇਤਰ ਦੇ ਪਿੰਡ ਸਾਦਕਪੁਰ ਦੀ ਰਹਿਣ ਵਾਲੀ 27 ਸਾਲਾ ਰੁਖ਼ਸਾਨਾ ਦੀ ਮੁੰਬਈ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸ ਦੀ ਗਲੀ-ਸੜੀ ਲਾਸ਼ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਕੂੜੇ ਦੇ ਢੇਰ ਅਤੇ ਝਾੜੀਆਂ ਵਿਚਕਾਰੋਂ ਬਰਾਮਦ ਹੋਈ ਹੈ। ਰੁਖ਼ਸਾਨਾ ਆਪਣੇ ਪਤੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਮੁੰਬਈ ਰਹਿਣ ਗਈ ਸੀ। ਮੁੰਬਈ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਰੁਖ਼ਸਾਨਾ ਦਾ ਵਿਆਹ ਲਗਭਗ ਪੰਜ ਸਾਲ ਪਹਿਲਾਂ ਮੁਰਾਦਾਬਾਦ ਦੇ ਕਾਂਠ ਖੇਤਰ ਦੇ ਰਹਿਣ ਵਾਲੇ ਨਈਮ ਨਾਲ ਹੋਇਆ ਸੀ। ਉਸ ਦੇ ਦੋ ਬੇਟੇ ਅਤੇ ਇੱਕ ਬੇਟੀ ਹਨ। ਵਿਆਹ ਤੋਂ ਬਾਅਦ ਰੁਖ਼ਸਾਨਾ ਦੇ ਆਪਣੇ ਹੀ ਪਿੰਡ ਸਾਦਕਪੁਰ ਦੇ ਰਹਿਣ ਵਾਲੇ ਮੁਹੰਮਦ ਸਾਕਿਬ ਸਿੱਦੀਕੀ ਨਾਲ ਪ੍ਰੇਮ ਸਬੰਧ ਬਣ ਗਏ, ਜੋ ਮੁੰਬਈ ਵਿੱਚ ਆਟੋ ਚਲਾਉਂਦਾ ਸੀ। ਲੰਘੀ 9 ਜੁਲਾਈ ਨੂੰ ਰੁਖ਼ਸਾਨਾ ਆਪਣੇ ਪਤੀ ਅਤੇ ਤਿੰਨਾਂ ਬੱਚਿਆਂ ਨੂੰ ਛੱਡ ਕੇ ਸਾਕਿਬ ਨਾਲ ਮੁੰਬਈ ਚਲੀ ਗਈ, ਜਿੱਥੇ ਦੋਵੇਂ ਸਾਂਤਾਕਰੂਜ਼ ਇਲਾਕੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ।
ਸਾਕਿਬ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੀ ਪਹਿਲੀ ਪਤਨੀ ਸ਼ਹਿਰੀਨ ਵੀ ਮੁੰਬਈ ਵਿੱਚ ਉਸ ਨਾਲ ਹੀ ਰਹਿਣ ਲੱਗ ਪਈ ਸੀ। ਇੱਕੋ ਘਰ ਵਿੱਚ ਸਾਕਿਬ, ਉਸ ਦੀ ਪਹਿਲੀ ਪਤਨੀ ਅਤੇ ਰੁਖ਼ਸਾਨਾ ਦੇ ਰਹਿਣ ਕਾਰਨ ਰੋਜ਼ਾਨਾ ਕਲੇਸ਼ ਹੁੰਦਾ ਸੀ। ਇਸੇ ਦੌਰਾਨ ਸ਼ਹਿਰੀਨ ਨੇ ਬਿਜਨੌਰ ਤੋਂ ਆਪਣੇ ਪਿਤਾ ਸਰਤਾਜ, ਭਰਾ ਸਮੀਰ ਅਤੇ ਮਾਂ ਫਰਜ਼ਾਨਾ ਨੂੰ ਵੀ ਮੁੰਬਈ ਬੁਲਾ ਲਿਆ ਸੀ।
ਸਾਕਿਬ ਅਨੁਸਾਰ 27 ਸਤੰਬਰ ਨੂੰ ਜਦੋਂ ਉਹ ਆਟੋ ਚਲਾ ਕੇ ਘਰ ਮੁੜਿਆ ਤਾਂ ਰੁਖ਼ਸਾਨਾ ਕਮਰੇ ਵਿੱਚ ਨਹੀਂ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਪਹਿਲੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਮਿਲ ਕੇ ਰੁਖ਼ਸਾਨਾ ਨੂੰ ਗਾਇਬ ਕੀਤਾ ਹੈ। ਲਗਭਗ 20 ਦਿਨਾਂ ਬਾਅਦ 18 ਅਕਤੂਬਰ ਨੂੰ ਬਾਂਦਰਾ ਵਿੱਚ ਝਾੜੀਆਂ ਅਤੇ ਕੂੜੇ ਦੇ ਢੇਰ ਕੋਲੋਂ ਇੱਕ ਔਰਤ ਦੀ ਗਲੀ-ਸੜੀ ਲਾਸ਼ ਮਿਲੀ, ਜਿਸ ਦੀ ਸ਼ਨਾਖਤ ਰੁਖ਼ਸਾਨਾ ਵਜੋਂ ਹੋਈ।
ਪੋਸਟਮਾਰਟਮ ਤੋਂ ਬਾਅਦ ਵੀਰਵਾਰ ਨੂੰ ਰੁਖ਼ਸਾਨਾ ਦੀ ਦੇਹ ਬਿਜਨੌਰ ਦੇ ਪਿੰਡ ਸਾਦਕਪੁਰ ਲਿਆਂਦੀ ਗਈ, ਜਿੱਥੇ ਗਮਗੀਨ ਮਾਹੌਲ ਵਿੱਚ ਉਸ ਨੂੰ ਸੁਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਦੂਜੇ ਪਾਸੇ, ਮੁੰਬਈ ਪੁਲਸ ਨੇ ਕਤਲ ਦਾ ਕੇਸ ਦਰਜ ਕਰਕੇ ਪ੍ਰੇਮੀ ਸਾਕਿਬ, ਉਸ ਦੀ ਪਹਿਲੀ ਪਤਨੀ ਸ਼ਹਿਰੀਨ ਅਤੇ ਉਸ ਦੇ ਸਹੁਰੇ ਪਰਿਵਾਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
