ਬੱਚਿਆਂ ਦੀ ਪੜ੍ਹਾਈ ਲਈ ਖਰੀਦਣਾ ਸੀ TV, ਮਾਂ ਨੇ ਗਿਰਵੀ ਰੱਖਿਆ ਮੰਗਲਸੂਤਰ

8/1/2020 5:37:35 PM

ਬੈਂਗਲੁਰੂ— ਕਰਨਾਟਕ ਦੇ ਗਡਗ ਦੀ ਰਹਿਣ ਵਾਲੀ ਇਕ ਗਰੀਬ ਜਨਾਨੀ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਟੀ. ਵੀ. ਖਰੀਦਣ ਲਈ ਆਪਣਾ ਮੰਗਲਸੂਤਰ ਗਿਰਵੀ ਰੱਖ ਦਿੱਤਾ। ਦਰਅਸਲ ਕਰਨਾਟਕ ਸਰਕਾਰ ਨੇ ਬੱਚਿਆਂ ਨੂੰ ਟੀ. ਵੀ. ਜ਼ਰੀਏ ਦੂਰਦਰਸ਼ਨ ਤੋਂ ਪੜ੍ਹਾਈ ਕਰਾਉਣ ਦਾ ਫ਼ੈਸਲਾ ਕੀਤਾ ਹੈ। ਕਸਤੂਰੀ ਨਾਂ ਦੀ ਜਨਾਨੀ ਕਹਿੰਦੀ ਹੈ ਕਿ ਅਧਿਆਪਕ ਨੇ ਸਾਨੂੰ ਟੀ. ਵੀ. ਖਰੀਦਣ ਲਈ ਕਿਹਾ ਸੀ ਪਰ ਸਾਡੇ ਕੋਲ ਪੈਸਾ ਨਹੀਂ ਸੀ। ਮੈਂ ਆਪਣੇ ਬੱਚਿਆਂ ਨੂੰ ਰੋਜ਼ਾਨਾ ਗੁਆਂਢੀਆਂ ਦੇ ਘਰ ਵੀ ਨਹੀਂ ਭੇਜ ਸਕਦੀ ਸੀ। ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਭਵਿੱਖ ਦਾਅ 'ਤੇ ਹੈ। ਕਿਸੇ ਨੇ ਮੈਨੂੰ ਟੀ. ਵੀ. ਖਰੀਦਣ ਲਈ ਕਰਜ਼ ਨਹੀਂ ਦਿੱਤਾ। ਇਨ੍ਹਾਂ ਤਮਾਮ ਮਜ਼ਬੂਰੀਆਂ ਦੇ ਚੱਲਦੇ ਮੈਂ ਸੋਚਿਆ ਕਿ ਆਪਣਾ ਮੰਗਲਸੂਤਰ ਗਿਰਵੀ ਰੱਖ ਦੇਵਾਂ ਅਤੇ ਇਕ ਟੀ. ਵੀ. ਖਰੀਦ ਲਿਆ। 

ਕਸਤੂਰੀ ਨੇ ਕਿਹਾ ਕਿ ਮੇਰੇ ਚਾਰ ਬੱਚੇ ਹਨ, ਉਨ੍ਹਾਂ ਨੂੰ ਪੜ੍ਹਾਈ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਉਸ ਨੇ ਦੱਸਿਆ ਕਿ ਮੈਂ ਟੀ. ਵੀ. ਖਰੀਦਣ ਲਈ ਨਕਦੀ ਪ੍ਰਾਪਤ ਕਰਨ ਲਈ ਆਪਣਾ ਸੋਨੇ ਦਾ ਮੰਗਲਸੂਤਰ ਗਿਰਵੀ ਰੱਖ ਦਿੱਤਾ, ਤਾਂ ਕਿ ਮੇਰੇ ਬੱਚੇ ਦੂਰਦਰਸ਼ਨ ਟੈਲੀਕਾਸਟ ਜ਼ਰੀਏ ਜਮਾਤਾਂ 'ਚ ਸ਼ਾਮਲ ਹੋ ਸਕਣ ਅਤੇ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਸਕਦੇ ਹਨ। ਇਸ ਘਟਨਾ ਨੂੰ ਤਹਿਸੀਲਦਾਰ ਦੇ ਧਿਆਨ 'ਚ ਲਿਆਂਦਾ ਗਿਆ ਅਤੇ ਉਨ੍ਹਾਂ ਨੇ ਪਿੰਡ ਦੇ ਅਧਿਕਾਰੀਆਂ ਨੂੰ ਇਹ ਪਤਾ ਕਰਨ ਲਈ ਭੇਜਿਆ ਕਿ ਕੀ ਹੋਇਆ ਸੀ। ਬਾਅਦ ਵਿਚ ਧਨ ਉਧਾਰ ਦੇਣ ਵਾਲੇ ਨੂੰ ਸਥਿਤੀ ਦਾ ਅਹਿਸਾਸ ਹੋਇਆ ਅਤੇ ਜਨਾਨੀ ਨੂੰ ਮੰਗਲਸੂਤਰ ਵਾਪਸ ਦੇਣ ਲਈ ਸਹਿਮਤ ਹੋ ਗਿਆ। ਪਰਿਵਾਰ ਨੂੰ ਕਿਹਾ ਕਿ ਉਹ ਜਦੋਂ ਚਾਹੇ ਧਨ ਵਾਪਸ ਕਰ ਸਕਦੇ ਹਨ।

ਹਾਲਾਂਕਿ ਕੁਝ ਸਥਾਨਕ ਲੋਕਾਂ ਨੇ ਪਰਿਵਾਰ ਲਈ ਪੈਸਾ ਜਮ੍ਹਾਂ ਕੀਤਾ ਅਤੇ ਕੁਝ ਰਾਜਨੇਤਾਵਾਂ ਨੇ ਵੀ ਮਦਦ ਕੀਤੀ। ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਨੇ 50,000 ਰੁਪਏ ਅਤੇ ਸੂਬੇ ਦੇ ਮੰਤਰੀ ਸੀ. ਸੀ. ਪਾਟਿਲ ਨੇ 20,000 ਰੁਪਏ ਭੇਜੇ। ਜਨਾਨੀ ਦੇ ਪਤੀ ਇਕ ਦਿਹਾੜੀ ਮਜ਼ਦੂਰ ਹੈ। ਕੋਰੋਨਾ ਵਾਇਰਸ ਕਾਰਨ ਉਹ ਨੌਕਰੀ ਨਹੀਂ ਕਰ ਸਕਦੇ ਹਨ। ਜੋੜੇ ਦੇ 3 ਬੱਚੇ ਜਮਾ 7ਵੀਂ ਅਤੇ 8ਵੀਂ 'ਚ ਪੜ੍ਹ ਰਹੇ ਹਨ, ਜਦਕਿ ਉਨ੍ਹਾਂ ਦੀ ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ। ਦੱਸ ਦੇਈਏ ਕਿ ਕੋਰੋਨਾ ਕਾਰਨ ਦੇਸ਼ ਹੋਵੇ ਜਾਂ ਦੁਨੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸਕੂਲ-ਕਾਲਜਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰਾਂ ਨੇ ਆਨਲਾਈਨ ਬਦਲ ਜ਼ਰੀਏ ਸਿੱਖਿਆ ਸ਼ੁਰੂ ਕੀਤੀ।


Tanu

Content Editor Tanu