ਜਨਾਨੀ ਨੇ ਦਿੱਲੀ ਏਅਰਪੋਰਟ ’ਤੇ ਬੱਚੇ ਨੂੰ ਦਿੱਤਾ ਜਨਮ

Thursday, Nov 17, 2022 - 12:07 PM (IST)

ਜਨਾਨੀ ਨੇ ਦਿੱਲੀ ਏਅਰਪੋਰਟ ’ਤੇ ਬੱਚੇ ਨੂੰ ਦਿੱਤਾ ਜਨਮ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਏਅਰਪੋਰਟ ਦੇ ਟਰਮੀਨਲ 3 ’ਤੇ ਬੁੱਧਵਾਰ ਨੂੰ ਇਕ ਜਨਾਨੀ ਨੇ ਬੱਚੇ ਨੂੰ ਜਨਮ ਦਿੱਤਾ। ਗਰਭਵਤੀ ਜਨਾਨੀ ਅਤੇ ਉਸ ਦੇ ਪਤੀ ਨੇ ਮੰਗਲਵਾਰ ਨੂੰ ਕਰਨਾਟਕ ਦੇ ਹੁਬਲੀ ਲਈ ਫਲਾਈਟ ’ਚ ਸਵਾਰ ਹੋਣਾ ਸੀ, ਪਰ ਏਅਰਪੋਰਟ ’ਤੇ ਜਹਾਜ਼ ਦਾ ਇੰਤਜ਼ਾਰ ਕਰਦੇ ਸਮੇਂ ਜਨਾਨੀ ਨੂੰ ਜਣੇਪੇ ਦੀ ਪੀੜਾ ਹੋਈ ਅਤੇ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ। ਬੱਚੇ ਦੇ ਜਨਮ ਦੌਰਾਨ ਜਨਾਨੀ ਦੀ ਮਦਦ ਕਰਨ ਵਾਲੇ ਡਾਕਟਰ ਪ੍ਰਵੀਨ ਸਿੰਘ ਨੇ ਦੱਸਿਆ ਕਿ ਜਣੇਪੇ ਦੀ ਪੀੜਾ ਹੋਣ ’ਤੇ ਜਨਾਨੀ ਨੂੰ ਟਰਮੀਨਲ 3 ’ਚ ਮੈਡੀਕਲ ਸੁਵਿਧਾ ਕੇਂਦਰ ਲਿਆਂਦਾ ਗਿਆ, ਜਿਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਸਿੰਘ ਨੇ ਦੱਸਿਆ ਕਿ ਜਨਾਨੀ ਨੂੰ ਸਵੇਰੇ 9.20 ਵਜੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਅਤੇ ਉਸ ਨੇ ਸਵੇਰੇ ਲਗਭਗ 9.40 ਵਜੇ ਬੱਚੇ ਨੂੰ ਜਨਮ ਦਿੱਤਾ।

ਡਾਕਟਰ ਨੇ ਦਾਅਵਾ ਕੀਤਾ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦੇ ਮੇਦਾਂਤਾ ਕਲੀਨਿਕ ’ਚ ਜਨਮਿਆ ਇਹ ਪਹਿਲਾ ਬੱਚਾ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਨੇ ਛੋਟੇ ‘‘ਯਾਤਰੀ’’ ਦੇ ਆਉਣ ’ਤੇ ਸਵਾਗਤ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ਅਸੀਂ ਹੁਣ ਤੱਕ ਦੇ ਸਭ ਤੋਂ ਛੋਟੇ ਯਾਤਰੀ ਦਾ ਸਵਾਗਤ ਕਰਦੇ ਹਾਂ। ਅਸੀਂ ਟਰਮੀਨਲ 3 ’ਤੇ ਮੇਦਾਂਤਾ ਸਹੂਲਤ ਕੇਂਦਰ ’ਚ ਜਨਮੇ ਪਹਿਲੇ ਬੱਚੇ ਦੇ ਆਉਣ ਦਾ ਜਸ਼ਨ ਮਨਾ ਰਹੇ ਹਾਂ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਸਿੰਘ ਨੇ ਦੱਸਿਆ ਕਿ ਜਨਾਨੀ ਅਤੇ ਉਸ ਦੇ ਬੱਚੇ ਨੂੰ ਹਵਾਈ ਅੱਡੇ ਤੋਂ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ।


author

Rakesh

Content Editor

Related News