ਮਾਂ ਨੇ 2 ਬੱਚਿਆਂ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

Saturday, Mar 04, 2023 - 04:24 PM (IST)

ਮਾਂ ਨੇ 2 ਬੱਚਿਆਂ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਅਲਵਰ (ਵਾਰਤਾ)- ਰਾਜਸਥਾਨ 'ਚ ਅਲਵਰ ਜ਼ਿਲ੍ਹੇ ਖੇੜਲੀ ਕਸਬੇ ਦੇ ਦਾਂਤੀਆ ਰੇਲਵੇ ਸਟੇਸ਼ਨ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਇਕ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੇਤਰ ਦੇ ਪਿੰਡ ਡਯੋਠਾਨਾ ਵਾਸੀ ਰਾਮਵੀਰ ਚੌਧਰੀ ਖੇਤ ਤੋਂ ਆਪਣੇ ਕੰਮ ਕਰ ਕੇ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਘਰ ਪਹੁੰਚਿਆ ਤਾਂ ਸਕੂਲ ਤੋਂ ਆਪਣੇ ਦੋਵੇਂ ਬੱਚਿਆਂ ਪ੍ਰਸ਼ਾਂਤ ਅਤੇ ਧੀ ਹੇਮਾ ਦੇ ਬੈਗ ਆਏ ਪਰ ਬੱਚੇ ਨਹੀ ਆਏ ਅਤੇ ਪਤਨੀ ਪਿੰਕੀ ਵੀ ਘਰ ਨਹੀਂ ਸੀ। ਜਿਸ ਤੋਂ ਬਾਅਦ ਰਾਮਵੀਰ ਬੱਚਿਆਂ ਦੇ ਸਕੂਲ ਨੇੜੇ ਦੇ ਪਿੰਡ ਘੋਸਰਾਨਾ 'ਚ ਪਤਾ ਕਰਨ ਲਈ ਗਿਆ। ਜਿੱਥੇ ਪਤਾ ਲੱਗਾ ਕਿ ਉਸ ਦੀ ਪਤਨੀ ਪਿੰਕੀ ਦੋਵੇਂ ਬੱਚੇ ਆਪਣੇ ਨਾਲ ਡਰੈੱਸ ਸੁਆਉਣ ਲਈ ਲੈ ਗਈ ਸੀ। ਰਾਮਵੀਰ ਨੇ ਪਿੰਡ 'ਚ ਪਤਨੀ ਅਤੇ ਬੱਚਿਆਂ ਨੂੰ ਲੱਭਿਆ ਪਰ ਉਹ ਕਿਤੇ ਨਹੀਂ ਮਿਲੇ।

ਇਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਨੇੜੇ-ਤੇੜੇ ਦੇ ਪਿੰਡ 'ਚ ਭਾਲ ਸ਼ੁਰੂ ਕੀਤੀ। ਦੇਰ ਰਾਤ ਪਤਾ ਲੱਗਾ ਕਿ ਇਕ ਔਰਤ ਅਤੇ 2 ਬੱਚਿਆਂ ਦੀਆਂ ਲਾਸ਼ਾਂ ਰੇਲਵੇ ਸਟੇਸ਼ਨ ਦਰਮਿਆਨ ਪੱਟੜੀ ਕੋਲ ਪਈਆਂ ਹਨ। ਜਿਸ ਤੋਂ ਬਾਅਦ ਪਰਿਵਾਰ ਵਾਲੇ ਮੌਕੇ 'ਤੇ ਪੁੱਜੇ ਅਤੇ ਲਾਸ਼ਾਂ ਦੀ ਪਛਾਣ ਕੀਤੀ ਗਈ। ਮ੍ਰਿਤਕਾਂ 'ਚ 30 ਸਾਲਾ ਪਿੰਕੀ ਜਾਟ ਅਤੇ ਉਸ ਦਾ 13 ਸਾਲ ਦਾ ਪੁੱਤ ਪ੍ਰਸ਼ਾਂਤ ਅਤੇ 11 ਸਾਲ ਦੀ ਬੇਟੀ ਹੇਮਾ ਹਨ। ਪਰਿਵਾਰ ਅਨੁਸਾਰ ਔਰਤ ਮਾਨਸਿਕ ਰੂਪ ਨਾਲ ਕਮਜ਼ੋਰ ਸੀ। ਔਰਤ ਦਾ ਪਤੀ ਖੇਤੀਬਾੜੀ ਕਰਦਾ ਹੈ। ਪਰਿਵਾਰ ਵਲੋਂ ਫਿਲਹਾਲ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਨਹੀਂ ਕਰਵਾਇਆ ਗਿਆ ਹੈ। ਪੁਲਸ ਘਟਨਾ ਦੇ ਕਾਰਨਾਂ ਦਾ ਪਤਾ ਲੱਗਾ ਰਹੀ ਹੈ।


author

DIsha

Content Editor

Related News