ਨੂੰਹ ਦੀ ਬਜ਼ੁਰਗ ਸੱਸ ਨਾਲ ਹੈਵਾਨੀਅਤ, ਲੱਤਾਂ-ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ
Friday, Jan 17, 2025 - 11:34 AM (IST)
ਸੂਰਤ- ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਨੂੰਹ ਨੇ ਆਪਣੀ 80 ਸਾਲ ਦੀ ਸੱਸ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਮਾਮਲਾ ਗੁਜਰਾਤ ਦੇ ਸੂਰਤ ਦਾ ਹੈ। ਵਾਇਰਲ ਵੀਡੀਓ 'ਚ 80 ਸਾਲ ਦੀ ਬਜ਼ੁਰਗ ਔਰਤ ਆਪਣੇ ਬਿਸਤਰੇ ਕੋਲ ਬੈਠੀ ਹੈ। ਅਚਾਨਕ ਉਸ ਦੀ ਨੂੰਹ ਆਉਂਦੀ ਹੈ ਅਤੇ ਉਸ ਨੂੰ ਲੱਤਾਂ ਮਾਰਦੀ ਹੈ। ਇਸ ਤੋਂ ਬਾਅਦ ਔਰਤ ਬਜ਼ੁਰਗ ਸੱਸ ਨੂੰ ਥੱਪੜ ਮਾਰਦੀ ਹੈ। ਫਿਰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ। ਨੂੰਹ-ਸੱਸ ਦਾ ਹੱਥ ਫੜ ਕੇ ਖਿੱਚਦੇ ਹੋਏ ਲੈ ਜਾਂਦੀ ਹੈ।
ਇਸ ਵੀਡੀਓ ਨੂੰ ਕਿਸੇ ਨੇ ਸਮਾਜਿਕ ਸੰਸਥਾ ਨਾਲ ਜੁੜੀਆਂ ਔਰਤਾਂ ਨੂੰ ਭੇਜਿਆ। ਇਸ ਤੋਂ ਬਾਅਦ ਸਮਾਜਿਕ ਸੰਸਥਾ ਨਾਲ ਜੁੜੀਆਂ ਔਰਤਾਂ ਪੁਲਸ ਨੂੰ ਲੈ ਕੇ ਮੌਕੇ 'ਤੇ ਪਹੁੰਚੀਆਂ ਅਤੇ ਬਜ਼ੁਰਗ ਔਰਤ ਦਾ ਹਾਲ ਜਾਣਿਆ। ਸਮਾਜਿਕ ਸੰਸਥਾ ਨਾਲ ਜੁੜੇ ਵਰਕਰ ਅਤੇ ਬਿਰਧ ਆਸ਼ਰਮ ਦੇ ਪ੍ਰਤੀਨਿਧੀ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਜੇਕਰ ਉਹ ਦੇਖਭਾਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮ ਪਹੁੰਚਾ ਦਿਓ।
ਪੁਲਸ ਸਾਹਮਣੇ ਬਜ਼ੁਰਗ ਔਰਤ ਦੀ ਨੂੰਹ ਤੋਂ ਪੁੱਛ-ਗਿੱਛ ਕੀਤੀ ਗਈ ਪਰ ਉਹ ਵੀਡੀਓ ਨੂੰ ਲੈ ਕੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ। ਹਾਲਾਂਕਿ ਪੁਲਸ ਅਤੇ ਸਮਾਜਿਕ ਵਰਕਰਾਂ ਸਾਹਮਣੇ ਨੂੰਹ ਬਜ਼ੁਰਗ ਔਰਤ ਦੀ ਦੇਖਭਾਲ ਕਰਨ ਲੱਗੀ। ਸਮਾਜਿਕ ਸੰਗਠਨ ਨੂੰ ਵਰਕਰਾਂ ਨੇ ਕਿਹਾ ਕਿ ਇਹ ਘਟਨਾ ਨਿੰਦਾਯੋਗ ਹੈ। ਸਾਡੀ ਮੰਗ ਹੈ ਕਿ ਬਜ਼ੁਰਗ ਔਰਤ ਨੂੰ ਨਿਆਂ ਮਿਲੇ।