ਸੂਰਤ ’ਚ ਤਿਰੰਗਾ ਸਾੜਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ
Wednesday, Sep 17, 2025 - 11:41 PM (IST)

ਸੂਰਤ (ਭਾਸ਼ਾ)-ਗੁਜਰਾਤ ਦੇ ਸੂਰਤ ’ਚ ਰਾਸ਼ਟਰੀ ਝੰਡਾ ਸਾੜਨ ਦੇ ਦੋਸ਼ ’ਚ ਬੁੱਧਵਾਰ ਨੂੰ 37 ਸਾਲਾ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਔਰਤ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਹੋ ਸਕਦੀ ਹੈ।ਇਹ ਘਟਨਾ ਸ਼ਹਿਰ ਦੇ ਅਮਰੋਲੀ ਇਲਾਕੇ ’ਚ ਵਾਪਰੀ, ਜਿਸ ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਕ ਅਧਿਕਾਰੀ ਨੇ ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੋਨੀ ਠਠੇਰਾ ਨਾਂ ਦੀ ਮੁਲਜ਼ਮ ਔਰਤ ਨੂੰ ‘ਇਹ ਪਤਾ ਨਹੀਂ ਹੈ ਕਿ ਕੀ ਚੰਗਾ ਹੈ ਅਤੇ ਕੀ ਬੁਰਾ।’ ਵੀਡੀਓ ’ਚ ਔਰਤ ਆਪਣੇ ਘਰ ਦੇ ਨੇੜੇ ਇਕ ਤੰਗ ਗਲੀ ’ਚ ਇਕ ਛੋਟਾ ਤਿਰੰਗਾ ਲਹਿਰਾਉਂਦੀ ਦਿਖਾਈ ਦੇ ਰਹੀ ਹੈ ਪਰ ਅਚਾਨਕ ਉਹ ਪਿੱਛੇ ਮੁੜਦੀ ਹੈ ਅਤੇ ਜ਼ਮੀਨ ’ਤੇ ਪਏ ਰਾਸ਼ਟਰੀ ਝੰਡੇ ਨੂੰ ਅੱਗ ਲਾ ਦਿੰਦੀ ਹੈ।