ਕਸ਼ਮੀਰ ''ਚ ਹੱਡ ਚੀਰਵੀਂ ਠੰਡ, ਸ਼੍ਰੀਨਗਰ ''ਚ ਰਹੀ ਸਭ ਤੋਂ ਠੰਡੀ ਰਾਤ

Monday, Dec 11, 2023 - 12:27 PM (IST)

ਕਸ਼ਮੀਰ ''ਚ ਹੱਡ ਚੀਰਵੀਂ ਠੰਡ, ਸ਼੍ਰੀਨਗਰ ''ਚ ਰਹੀ ਸਭ ਤੋਂ ਠੰਡੀ ਰਾਤ

ਸ਼੍ਰੀਨਗਰ- ਕਸ਼ਮੀਰ 'ਚ ਸ਼ੀਤ ਲਹਿਰ ਵਰਗੇ ਹਾਲਾਤ ਜਾਰੀ ਰਹਿਣ ਕਾਰਨ ਐਤਵਾਰ ਨੂੰ ਸ਼੍ਰੀਨਗਰ 'ਚ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ ਅਤੇ ਘਾਟੀ ਦੇ ਕਈ ਹਿੱਸਿਆਂ 'ਚ ਪਾਰਾ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ 'ਚ ਤਾਪਮਾਨ ਮਨਫੀ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪਿਛਲੀ ਰਾਤ ਤਾਪਮਾਨ ਮਨਫੀ 4.4 ਡਿਗਰੀ ਸੈਲਸੀਅਸ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸ਼ਹਿਰ 'ਚ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਹੀ। 

ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ, ਜੋ ਕਿ ਅਮਰਨਾਥ ਯਾਤਰਾ ਦੇ ਆਧਾਰ ਕੈਂਪਾਂ 'ਚੋਂ ਇਕ ਹੈ, ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬਾਰਾਮੂਲਾ ਜ਼ਿਲ੍ਹੇ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ 'ਚ ਘੱਟੋ-ਘੱਟ ਤਾਪਮਾਨ ਮਨਫ਼ੀ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਜ਼ੀਗੁੰਡ 'ਚ ਪਾਰਾ ਜ਼ੀਰੋ ਤੋਂ ਹੇਠਾਂ 3.4 ਡਿਗਰੀ ਸੈਲਸੀਅਸ, ਕੋਕਰਨਾਗ 'ਚ ਮਨਫ਼ੀ 2.4 ਡਿਗਰੀ ਸੈਲਸੀਅਸ ਅਤੇ ਕੁਪਵਾੜਾ 'ਚ ਮਨਫ਼ੀ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।  ਮੌਸਮ ਵਿਭਾਗ ਨੇ ਦੱਸਿਆ ਕਿ 16 ਦਸੰਬਰ ਤੱਕ ਆਮ ਤੌਰ 'ਤੇ ਬੱਦਲ ਛਾਏ ਰਹਿਣਗੇ ਪਰ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹੇਗਾ। ਮੌਸਮ ਵਿਭਾਗ ਨੇ ਰਾਤ ਦੇ ਤਾਪਮਾਨ ਵਿਚ ਕੁਝ ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।


author

Tanu

Content Editor

Related News