''ਕਿਸੇ ਨੂੰ EVM ਲੁੱਟਣ ਨਹੀਂ ਦਿਆਂਗੇ'': ਮਮਤਾ ਬੈਨਰਜੀ
Friday, May 01, 2026 - 01:30 AM (IST)
ਕੋਲਕਾਤਾ : ਪੱਛਮੀ ਬੰਗਾਲ ਵਿੱਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸੂਬੇ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (TMC) ਦੀ ਮੁਖੀ ਮਮਤਾ ਬੈਨਰਜੀ ਵੀਰਵਾਰ ਦੇਰ ਰਾਤ ਕੋਲਕਾਤਾ ਦੇ ਸ਼ੇਖਾਵਤ ਮੈਮੋਰੀਅਲ ਸਕੂਲ ਸਥਿਤ ਸਟ੍ਰੌਂਗ ਰੂਮ ਦੇ ਬਾਹਰ ਪਹੁੰਚੀ, ਜਿੱਥੇ ਉਨ੍ਹਾਂ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ।
ਸਟ੍ਰੌਂਗ ਰੂਮ ਤੋਂ ਬਾਹਰ ਨਿਕਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, "ਜੇਕਰ ਈ.ਵੀ.ਐੱਮ. (EVM) ਅਤੇ ਵੋਟਾਂ ਦੀ ਗਿਣਤੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਲੜਾਂਗੇ। ਜੇਕਰ ਕੋਈ ਗੜਬੜ ਹੋਈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ"। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਟੀਵੀ 'ਤੇ ਕਈ ਥਾਵਾਂ 'ਤੇ ਗੜਬੜੀ ਦੀਆਂ ਖ਼ਬਰਾਂ ਦੇਖੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਖੁਦ ਇੱਥੇ ਆਉਣਾ ਪਿਆ।
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਜਦੋਂ ਉਹ ਸਟ੍ਰੌਂਗ ਰੂਮ ਪਹੁੰਚੀ ਤਾਂ ਕੇਂਦਰੀ ਬਲਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਚੋਣ ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਸੀਲਬੰਦ ਕਮਰੇ ਦੇ ਬਾਹਰ ਤੱਕ ਜਾਣ ਦੀ ਇਜਾਜ਼ਤ ਹੈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ।
ਮਮਤਾ ਬੈਨਰਜੀ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਏਜੰਟਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਟੀ.ਐੱਮ.ਸੀ. ਵਰਕਰਾਂ ਨਾਲ ਕੁੱਟਮਾਰ ਤੇ ਬੁਰਾ ਵਿਵਹਾਰ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗਿਣਤੀ ਕਰਨ ਲਈ ਲੋਕ ਗੁਜਰਾਤ ਤੋਂ ਆਏ ਹਨ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਹ ਉਨ੍ਹਾਂ ਦਾ ਇਲਾਕਾ ਹੈ ਅਤੇ ਉਹ ਇੱਕ ਇਸ਼ਾਰੇ 'ਤੇ ਇੱਥੇ 10 ਹਜ਼ਾਰ ਲੋਕ ਖੜ੍ਹੇ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਈ.ਵੀ.ਐੱਮ. ਦੀ ਸੁਰੱਖਿਆ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀਆਂ ਵਿਚਾਲੇ ਖਿੱਚੋਤਾਣ ਲਗਾਤਾਰ ਵਧ ਰਹੀ ਹੈ।
