ਨਹੀਂ ਹੋਵੇਗੀ NEET SS 2024 ਦੀ ਪ੍ਰੀਖਿਆ, ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ
Wednesday, Aug 14, 2024 - 10:52 PM (IST)
ਨੈਸ਼ਨਲ ਡੈਸਕ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਦੇ ਇਸ ਸਾਲ NEET-ਸੁਪਰ ਸਪੈਸ਼ਲਿਟੀ ਪ੍ਰੀਖਿਆ ਨਾ ਕਰਵਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ 'ਵਾਜਬ ਤੌਰ 'ਤੇ ਜਾਇਜ਼' ਹੈ ਅਤੇ 'ਇਹ ਮਨਮਾਨੀ ਨਹੀਂ' ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ NMC ਨੂੰ ਛੇਤੀ ਹੀ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ - ਸੁਪਰ ਸਪੈਸ਼ਲਿਟੀ (NEET-SS) ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਆਯੋਜਿਤ ਕੀਤਾ ਜਾਵੇਗੀ।
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅੱਜ ਤੋਂ 30 ਦਿਨਾਂ ਦੇ ਅੰਦਰ ਸਮਾਂ-ਸਾਰਣੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਇਸ ਵਿੱਚ ਕੋਈ ਹੋਰ ਦੇਰੀ ਨਹੀਂ ਹੋਵੇਗੀ। ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ। ਬੈਂਚ ਨੇ ਐੱਨਐੱਮਸੀ ਦੀ ਇਸ ਦਲੀਲ ਨਾਲ ਸਹਿਮਤੀ ਜਤਾਈ ਕਿ ਹਰ ਸਾਲ, ਲਗਭਗ 40 ਫੀਸਦੀ ਉਮੀਦਵਾਰ ਜੋ ਐੱਨਈਈਟੀ-ਐੱਸਐੱਸ ਪ੍ਰੀਖਿਆ ਲਈ ਬੈਠਦੇ ਹਨ, ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਦੇ ਮੌਜੂਦਾ ਬੈਚਾਂ ਨਾਲ ਸਬੰਧਤ ਹਨ। NMC ਦੇ ਵਕੀਲ ਨੇ ਕਿਹਾ ਕਿ ਕੋਵਿਡ-19 ਕਾਰਨ 2021 ਦੀ ਬਜਾਏ 2022 'ਚ ਸ਼ੁਰੂ ਹੋਏ ਪੀਜੀ ਮੈਡੀਕਲ ਕੋਰਸ ਜਨਵਰੀ 2025 'ਚ ਖਤਮ ਹੋ ਜਾਣਗੇ ਅਤੇ ਜੇਕਰ ਇਸ ਸਾਲ NEET-SS ਪ੍ਰੀਖਿਆ ਕਰਵਾਈ ਜਾਂਦੀ ਹੈ ਤਾਂ ਇਸ ਕੋਰਸ ਨੂੰ ਪਾਸ ਕਰਨ ਵਾਲੇ ਵਿਦਿਆਰਥੀ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਣਗੇ।
ਬੈਂਚ ਨੇ ਕਿਹਾ ਕਿ 2021 ਦੇ ਪੀਜੀ ਬੈਚ ਦੇ ਵਿਦਿਆਰਥੀ (ਜਿਨ੍ਹਾਂ ਦਾ ਕੋਰਸ ਜਨਵਰੀ 2022 ਵਿੱਚ ਸ਼ੁਰੂ ਹੋਇਆ ਸੀ ਅਤੇ ਜਨਵਰੀ 2025 ਵਿੱਚ ਖਤਮ ਹੋਵੇਗਾ) ਇਸ ਮੌਕੇ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਅਜਿਹੇ ਹਾਲਾਤ ਪੈਦਾ ਹੋਣਗੇ ਕਿ ਉਮੀਦਵਾਰਾਂ ਦੇ ਦੋ ਬੈਚ NEET-SS 2025 ਦੀ ਪ੍ਰੀਖਿਆ ਵਿਚ ਇਕ ਸਮਾਨ ਸੀਟ ਦੇ ਲਈ ਮੁਕਾਬਲੇ ਵਿਚ ਹੋਣਗੇ। NMC ਦੀਆਂ ਦਲੀਲਾਂ ਨੂੰ ਰੱਦ ਕਰਨਾ ਸੰਭਵ ਨਹੀਂ ਹੈ। ਬੈਂਚ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਪਟੀਸ਼ਨਕਰਤਾ ਪਹਿਲਾਂ ਹੀ NEET-SS ਪ੍ਰੀਖਿਆ ਵਿੱਚ ਹਾਜ਼ਰ ਹੋ ਚੁੱਕੇ ਹਨ ਇਸ ਲਈ, ਉਹਨਾਂ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ, ਜੇਕਰ 2024 ਵਿੱਚ NEET-SS ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਅਜਿਹੀ ਸਥਿਤੀ ਪੈਦਾ ਹੋ ਜਾਵੇਗੀ ਕਿ ਜਨਵਰੀ 2025 ਵਿੱਚ ਯੋਗਤਾ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ NEET-SS ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਪਟੀਸ਼ਨਕਰਤਾਵਾਂ ਨੂੰ ਮੁਸ਼ਕਲ ਹੋ ਸਕਦੀ ਹੈ ਪਰ ਐੱਨਐੱਮਸੀ ਦੇ ਹਲਫ਼ਨਾਮੇ ਦੀ ਰੌਸ਼ਨੀ ਵਿੱਚ ਕਠਿਨਾਈ ਦੀ ਇਸ ਸਥਿਤੀ ਨੂੰ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ।
ਸੁਪਰੀਮ ਕੋਰਟ ਨੇ ਡਾਕਟਰ ਰਾਹੁਲ ਬਲਵਾਨ ਸਮੇਤ 13 ਡਾਕਟਰਾਂ ਦੀ ਪਟੀਸ਼ਨ 'ਤੇ 19 ਜੁਲਾਈ ਨੂੰ NMC ਨੂੰ ਨੋਟਿਸ ਜਾਰੀ ਕੀਤਾ ਸੀ। ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ- ਸੁਪਰ ਸਪੈਸ਼ਲਿਟੀ (NEET-SS) ਵਿੱਚ MD, MS ਅਤੇ DNB ਵਰਗੀਆਂ ਪੋਸਟ ਗ੍ਰੈਜੂਏਟ ਡਿਗਰੀਆਂ ਰੱਖਣ ਵਾਲੇ ਡਾਕਟਰ ਜਾਂ ਸੁਪਰ-ਸਪੈਸ਼ਲਿਟੀ ਕੋਰਸਾਂ ਵਿੱਚ ਦਾਖਲੇ ਲਈ ਹੋਰ ਸਮਾਨ ਯੋਗਤਾਵਾਂ ਵਾਲੇ ਡਾਕਟਰ ਸ਼ਾਮਲ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਇਹ ਪ੍ਰੀਖਿਆ ਜਨਵਰੀ 2025 'ਚ ਕਰਵਾਈ ਜਾ ਸਕਦੀ ਹੈ।