ਕੀ ਇਸ ਵਾਰ 15 ਅਗਸਤ ਨੂੰ ਕਸ਼ਮੀਰ ਵਿਚ ਮੋਦੀ ਲਹਿਰਾਉਣਗੇ ਤਿੰਰਗਾ?

Monday, Aug 05, 2019 - 08:53 PM (IST)

ਕੀ ਇਸ ਵਾਰ 15 ਅਗਸਤ ਨੂੰ ਕਸ਼ਮੀਰ ਵਿਚ ਮੋਦੀ ਲਹਿਰਾਉਣਗੇ ਤਿੰਰਗਾ?

ਨਵੀਂ ਦਿੱਲੀ (ਏਜੰਸੀ)- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਦਾ ਮਤਾ ਪੇਸ਼ ਕਰਕੇ ਕਸ਼ਮੀਰ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਕਿਆਸ ਅਰਾਈਆਂ 'ਤੇ ਰੋਕ ਲਗਾ ਦਿੱਤੀ ਹੈ। ਪੇਸ਼ ਮਤੇ ਦੇ ਤਹਿਤ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰ ਨੂੰ ਵੱਖ-ਵੱਖ ਕੇਂਦਰ ਸ਼ਾਸਤ ਸੂਬਾ ਬਣਾਇਆ ਜਾਣਾ ਹੈ। ਸੰਸਦ ਤੋਂ ਮਤਾ ਪਾਸ ਹੋ ਜਾਣ ਤੋਂ ਬਾਅਦ ਰਾਸ਼ਟਰਪਤੀ ਦੇ ਦਖਲ ਹੋਣ ਦੇ ਨਾਲ ਹੀ ਇਹ ਕਾਨੂੰਨ ਬਣ ਜਾਵੇਗਾ। ਕਿਆਸ ਅਰਾਈਆਂ ਇਸ ਗੱਲ ਦੀਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਅਚਾਨਕ ਕੁਝ ਵੱਖ ਕਰਨ ਲਈ ਪਛਾਣੇ ਜਾਣ ਵਾਲੇ ਪੀ.ਐਮ. ਨਰਿੰਦਰ ਮੋਦੀ ਇਸ ਵਾਰ 15 ਅਗਸਤ ਨੂੰ ਕਸ਼ਮੀਰ ਵਿਚ ਤਿਰੰਗਾ ਲਹਿਰਾ ਸਕਦੇ ਹਨ।
ਇਸ ਦੌਰਾਨ ਬੀ.ਜੇ.ਪੀ. ਦੀ ਜੰਮੂ-ਕਸ਼ਮੀਰ ਯੂਨਿਟ ਨੇ ਪੂਰੇ ਸੂਬੇ ਵਿਚ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਤਹਿਤ ਜੰਮੂ-ਕਸ਼ਮੀਰ ਦੇ ਹਰ ਪੰਚਾਇਤ, ਜ਼ਿਲਾ ਦਫਤਰ ਅਤੇ ਸਾਰੇ ਸਰਕਾਰੀ ਇਮਾਰਤਾਂ 'ਤੇ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਵੇਗਾ ਅਤੇ ਵੰਦੇ ਮਾਤਰਮ ਗੀਤ ਗਾਇਆ ਜਾਵੇਗਾ। ਇਸ ਵਿਚ ਕਸ਼ਮੀਰ ਦਾ ਉਹ ਲਾਲ ਚੌਕ ਵੀ ਸ਼ਾਮਲ ਹੋਵੇਗਾ ਜਿਥੇ ਤਿਰੰਗਾ ਲਹਿਰਾਉਣ ਨੂੰ ਲੈ ਕੇ ਕਈ ਵਾਰ ਹਿੰਸਕ ਵਾਰਦਾਤਾਂ ਹੋ ਚੁੱਕੀਆਂ ਹਨ।
ਚਰਚਾ ਮੁਤਾਬਕ ਹੁਣ ਜੰਮੂ-ਕਸ਼ਮੀਰ ਵੀ ਹੋਰ ਕੇਂਦਰ ਸ਼ਾਸਤ ਸੂਬਿਆਂ ਵਾਂਗ ਕੇਂਦਰ ਸਰਕਾਰ ਦੇ ਅਧੀਨ ਹੋਵੇਗਾ। ਵਿਧਾਨ ਸਭਾ ਚੋਣਾਂ ਹੋਣਗੀਆਂ, ਪਰ ਇਸ ਤੋਂ ਬਾਅਦ ਵੀ ਉਹ ਕੇਂਦਰ ਵਲੋਂ ਨਿਯੁਕਤ ਉਪਰਾਜਪਾਲ ਦੀ ਸਹਿਮਤੀ ਤੋਂ ਬਿਨਾਂ ਮਹੱਤਵਪੂਰਨ ਫੈਸਲਾ ਨਹੀਂ ਲੈ ਸਕਣਗੇ। ਕਸ਼ਮੀਰ ਘਾਟੀ ਵਿਚ ਮੌਜੂਦਾ ਹਲਚਲ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਜੰਮੂ-ਕਸ਼ਮੀਰ ਵਿਚ ਸਾਲ ਦੇ ਅਖੀਰ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਭਾਜਪਾ ਜੰਮੂ-ਕਸ਼ਮੀਰ ਵਿਚ ਵੀ ਮੈਂਬਰਸ਼ਿਪ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਪਾਰਟੀ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਮੈਂਬਰਸ਼ਿਪ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਜੰਮੂ ਦੇ ਵੱਖ-ਵੱਖ ਹਿੱਸਿਆਂ ਤੋਂ ਲੈ ਕੇ ਘਾਟੀ ਤੱਕ ਵਿਚ ਲੋਕਾਂ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਪਾਰਟੀ ਨੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ਸੂਬੇ ਵਿਚ ਚੋਣ ਜ਼ਿੰਮੇਵਾਰੀ ਸੌਂਪ ਕੇ ਆਪਣੀ ਤਿਆਰੀ ਨੂੰ ਤੇਜ਼ ਕਰਨ ਦਾ ਵੀ ਸੰਕੇਤ ਦਿੱਤਾ ਸੀ।
ਇਸ ਸਾਲ ਕਸ਼ਮੀਰ ਘਾਟੀ ਵਿਚ ਪਹਿਲੀ ਵਾਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਆਪਣੀ ਸਾਲਾਨਾ ਮੀਟਿੰਗ ਆਯੋਜਿਤ ਕੀਤੀ ਸੀ। ਇਸ ਮੀਟਿੰਗ ਵਿਚ ਕਸ਼ਮੀਰ ਸਣੇ ਪੂਰੇ ਸੂਬੇ ਵਿਚ ਹਿੰਦੁਤਵ ਅਤੇ ਹਿੰਦੂਆਂ ਦੇ ਵਿਸ਼ਿਆਂ 'ਤੇ ਸਰਗਰਮੀ ਤੇਜ਼ ਕਰਨ ਦਾ ਸੰਕੇਤ ਦਿੱਤਾ ਗਿਆ ਸੀ। ਮੀਟਿੰਗ ਵਿਚ ਅਮਰਨਾਥ ਯਾਤਰਾ ਦੀ ਸੁਰੱਖਿਆ ਵਿਵਸਥਾਵਾਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਸੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰ ਨੇ ਸੋਚੀ ਸਮਝੀ ਰਣਨੀਤੀ ਤਹਿਤ ਕਾਫੀ ਸਮੇਂ ਪਹਿਲਾਂ ਹੀ ਕਸ਼ਮੀਰ ਮਿਸ਼ਨ ਨੂੰ ਆਪਣੇ ਮੁੱਖ ਏਜੰਡੇ ਵਿਚ ਸ਼ਾਮਲ ਕਰ ਲਿਆ ਸੀ ਜਿਸ ਨੂੰ ਹੁਣ ਅੰਜਾਮ ਦਿੱਤੇ ਜਣ ਵੱਲ ਵਧਿਆ ਜਾ ਰਿਹਾ ਹੈ। ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਗ੍ਰਹਿ ਸਕੱਤਰ ਰਾਜੀਵ ਗੌਬਾ ਅਤੇ ਕਸ਼ਮੀਰ ਨਾਲ ਜੁੜੇ ਚੋਟੀ ਦੇ ਅਧਿਕਾਰੀਆਂ ਦੇ ਨਾਲ ਲੰਬੀ ਮੀਟਿੰਗ ਹੋਈ ਅਤੇ ਅੱਜ ਸਵੇਰੇ ਯੂਨੀਅਨ ਕੈਬਿਨਟ ਦੀ ਮਹੱਤਵਪੂਰਨ ਮੀਟਿੰਗ ਵੀ ਆਯੋਜਿਤ ਕੀਤੀ ਗਈ। ਇਸ ਮੀਟਿੰਗ ਨੂੰ ਵੀ ਕਸ਼ਮੀਰ ਵਿਚ ਕੁਝ ਨਵਾਂ ਹੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਕੁਝ ਨੇਤਾਵਾਂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਰਾਜ ਸਭਾ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਭਾਜਪਾ ਹਮੇਸ਼ਾ ਤੋਂ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਦੀ ਰਹੀ ਹੈ। ਇਸ ਦੇ ਸੰਸਥਾਪਕ ਸ਼ਿਆਮਾਪ੍ਰਸਾਦ ਮੁਖਰਜੀ ਕਸ਼ਮੀਰ ਦੇ ਮੁੱਦੇ 'ਤੇ ਹੀ ਵਿਚਾਰਕ ਮਤਭੇਦ ਕਾਰਨ ਜਵਾਹਰ ਲਾਲ ਨਹਿਰੂ ਤੋਂ ਵੱਖ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਰ.ਐਸ.ਐਸ. ਦੀ ਮਦਦ ਨਾਲ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਸੀ ਜੋ ਬਾਅਦ ਵਿਚ ਭਾਰਤੀ ਜਨਤਾ ਪਾਰਟੀ ਵਿਚ ਤਬਦੀਲ ਹੋ ਗਈ। ਇਸ ਤਰ੍ਹਾਂ ਕਸ਼ਮੀਰ ਦੀ ਮੌਜੂਦਾ ਸੰਵਿਧਾਨਕ ਸਥਿਤੀ ਦਾ ਵਿਰੋਧ ਭਾਜਪਾ ਦੇ ਮੂਲ ਵਿਚ ਹੈ ਅਤੇ ਹੁਣ ਪੂਰੀ ਤਾਕਤ ਦੇ ਨਾਲ ਸੱਤਾ ਵਿਚ ਆਉਣ ਤੋਂ ਬਾਅਦ ਉਹ ਇਸ ਵਿਚ ਪਰਿਵਰਤਨ ਕਰਨਾ ਚਾਹੁੰਦੀ ਹੈ।


author

Sunny Mehra

Content Editor

Related News