ਔਰਤਾਂ ਦੇ ਰਾਖਵੇਂਕਰਨ ਲਈ ਕੋਈ ਕਸਰ ਨਹੀਂ ਛੱਡਾਂਗਾ : ਮੋਦੀ

Tuesday, Apr 28, 2026 - 09:37 PM (IST)

ਔਰਤਾਂ ਦੇ ਰਾਖਵੇਂਕਰਨ ਲਈ ਕੋਈ ਕਸਰ ਨਹੀਂ ਛੱਡਾਂਗਾ : ਮੋਦੀ

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਨਾਰੀ ਸ਼ਕਤੀ ਨੂੰ ਸਮਰਪਿਤ ਇਕ ਵੱਡੇ ਸਮਾਗਮ ਵਿਚ ਹਿੱਸਾ ਲਿਆ। ਬਨਾਰਸ ਲੋਕੋਮੋਟਿਵ ਵਰਕਸ ਗਰਾਊਂਡ ਵਿਚ ਕਰਵਾਏ ਗਏ ਇਸ ਸਮਾਗਮ ’ਚ ਪ੍ਰਧਾਨ ਮੰਤਰੀ ਖੁੱਲ੍ਹੀ ਜੀਪ ਰਾਹੀਂ ਪਹੁੰਚੇ ਅਤੇ ਲੱਗਭਗ 25 ਹਜ਼ਾਰ ਔਰਤਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਟੇਜ ਤੋਂ ਭੋਜਪੁਰੀ ਵਿਚ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ‘ਹਮ ਕਾਸ਼ੀ ਦੀ ਮਾਈ-ਬਹਿਨ ਕੋ ਪ੍ਰਨਾਮ ਕਰਤ ਹਈ’। ਉਨ੍ਹਾਂ ਕਿਹਾ ਕਿ ਕਾਸ਼ੀ ਦੀ ਧਰਤੀ ਮਾਂ ਗੰਗਾ, ਮਾਂ ਅੰਨਪੂਰਨਾ, ਮਾਂ ਵਿਸ਼ਾਲਾਕਸ਼ੀ ਅਤੇ ਹੋਰ ਦੈਵੀ ਸ਼ਕਤੀਆਂ ਦੀ ਧਰਤੀ ਹੈ, ਜਿਸ ਨਾਲ ਇਹ ਮੌਕਾ ਹੋਰ ਵੀ ਖਾਸ ਬਣ ਜਾਂਦਾ ਹੈ। ਇਸ ਦੌਰਾਨ ਪੀ. ਐੱਮ. ਮੋਦੀ ਨੇ 2 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਵਿਚੋਂ ਇਕ ਟ੍ਰੇਨ ਵਾਰਾਣਸੀ ਤੋਂ ਪੁਣੇ ਅਤੇ ਦੂਜੀ ਅਯੁੱਧਿਆ ਤੋਂ ਮੁੰਬਈ ਵਿਚਕਾਰ ਚੱਲੇਗੀ।

ਇਸ ਦੌਰਾਨ ਮੋਦੀ ਨੇ ਕਿਹਾ ਕਿ ਦੇਸ਼ ਵਿਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਦਾ ਸੰਕਲਪ ਲਿਆ ਗਿਆ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੁਝ ਪਾਰਟੀਆਂ ਕਾਰਨ ਪਹਿਲਾਂ ਇਹ ਕੋਸ਼ਿਸ਼ ਸਫਲ ਨਹੀਂ ਹੋ ਸਕੀ ਸੀ, ਪਰ ਹੁਣ ਸਰਕਾਰ ਆਪਣੇ ਸੰਕਲਪ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤ ਹੋਣ ਨਾਲ ਪਰਿਵਾਰ ਅਤੇ ਦੇਸ਼ ਦੋਵੇਂ ਮਜ਼ਬੂਤ ਹੁੰਦੇ ਹਨ। ਇਹ ਪ੍ਰਧਾਨ ਮੰਤਰੀ ਦਾ ਸਾਲ 2026 ਦਾ ਪਹਿਲਾ ਕਾਸ਼ੀ ਦੌਰਾ ਹੈ, ਜਦਕਿ ਪਿਛਲੇ 11 ਸਾਲਾਂ ਵਿਚ ਇਹ ਉਨ੍ਹਾਂ ਦਾ 54ਵਾਂ ਦੌਰਾ ਦੱਸਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਲੱਗਭਗ 6,350 ਕਰੋੜ ਰੁਪਏ ਦੇ 163 ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਵਿਚ ਸਿਗਨੇਚਰ ਬ੍ਰਿਜ ਅਤੇ ਕਬੀਰਚੌਰਾ ਮੰਡਲ ਹਸਪਤਾਲ ਵਿਚ ਸੁਪਰ ਸਪੈਸ਼ਲਿਟੀ ਹਸਪਤਾਲ ਵਰਗੇ ਮਹੱਤਵਪੂਰਨ ਪ੍ਰਾਜੈਕਟ ਸ਼ਾਮਲ ਹਨ।

ਖਿਡਾਰੀਆਂ ਨਾਲ ਫੁੱਟਬਾਲ ਖੇਡਿਆ

ਗੰਗਟੋਕ : ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਸਿਰਫ ਆਪਣੀ ‘ਐਕਟ ਈਸਟ’ ਨੀਤੀ ਪ੍ਰਤੀ ਵਚਨਬੱਧ ਹੈ, ਸਗੋਂ ਪੂਰਬ ਉੱਤਰ ਦੇ 8 ਸੂਬਿਆਂ ਲਈ ‘ਐਕਟ ਫਾਸਟ’ (ਤੇਜ਼ੀ ਨਾਲ ਕਾਰਵਾਈ) ਲਈ ਵੀ ਦ੍ਰਿੜ ਸੰਕਲਪ ਹੈ।

ਮੋਦੀ ਨੇ ਇੱਥੇ ਪਾਲਜੋਰ ਸਟੇਡੀਅਮ ਵਿਚ ਸੂਬੇ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਸਬੰਧੀ ਸਮਾਗਮ ਦੇ ਸਮਾਪਤੀ ਸਮਾਰੋਹ ਦੌਰਾਨ ਖਿਡਾਰੀਆਂ ਨਾਲ ਫੁੱਟਬਾਲ ਖੇਡਿਆ। ਪ੍ਰਧਾਨ ਮੰਤਰੀ ਨੇ 4,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।


author

Rakesh

Content Editor

Related News