ਮੋਦੀ ਲਈ ਮੈਕ੍ਰੋਂ ਦਾ ‘ਮੈਜਿਕ ਟੱਚ’
Saturday, Jun 27, 2026 - 12:05 PM (IST)
ਕੂਟਨੀਤੀ ਅਕਸਰ ਪ੍ਰੋਟੋਕੋਲ ਬਾਰੇ ਹੁੰਦੀ ਹੈ। ਕਈ ਵਾਰ ਇਹ ਦੋਸਤੀ ਬਾਰੇ ਵੀ ਹੁੰਦੀ ਹੈ। ਹਾਲ ਹੀ ’ਚ ਹੋਏ ਜੀ-7 ਸੰਮੇਲਨ ’ਚ ਮੋਦੀ ਦੋਵਾਂ ਦਾ ਆਨੰਦ ਮਾਣਦੇ ਜਾਪਦੇ ਸਨ। ਹਾਲਾਂਕਿ ਭਾਰਤ ਜੀ-7 ਕਲੱਬ ਦਾ ਸਥਾਈ ਮੈਂਬਰ ਨਹੀਂ ਹੈ ਪਰ ਮੋਦੀ ਨੇ ਆਪਣੇ ਆਪ ਨੂੰ ਪਹਿਲੀ ਕਤਾਰ ’ਚ ਮਹਿਸੂਸ ਕੀਤਾ ਅਤੇ ਉਹ ਵੀ ਦਿਲਚਸਪ ਢੰਗ ਨਾਲ ਡੋਨਾਲਡ ਟਰੰਪ ਦੇ ਨਾਲ, ਜਿੱਥੇ ਜਾਣ ਲਈ ਬਹੁਤ ਸਾਰੇ ਨੇਤਾ ਤਰਸਦੇ ਹਨ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਦਾ ਰਾਜ਼ ਸਿਰਫ਼ ਭਾਰਤ ਦਾ ਵਧਦਾ ਹੋਇਆ ਵਿਸ਼ਵ ਪੱਧਰੀ ਪ੍ਰਭਾਵ ਨਹੀਂ ਸੀ ਸਗੋਂ ਸੰਮੇਲਨ ਦੇ ਮੇਜ਼ਬਾਨ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨਾਲ ਮੋਦੀ ਦੀ ਨਿੱਜੀ ‘ਕੈਮਿਸਟਰੀ’ ਵੀ ਸੀ।
ਮੈਕ੍ਰੋਂ ਦੀ ਦੋਸਤੀ ਪੂਰੇ ਸਮੇਂ ਦੌਰਾਨ ਸਪੱਸ਼ਟ ਸੀ ਪਰ ਗ੍ਰੈਂਡ ਫਿਨਾਲੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਿਵੇਂ ਹੀ ਮੋਦੀ ਨੇ ਆਪਣਾ ਦੌਰਾ ਖਤਮ ਕੀਤਾ, ਮੈਕ੍ਰੋਂ ਨੇ ਉਨ੍ਹਾਂ ਨੂੰ ਹਿੰਦੀ ’ਚ ਅਲਵਿਦਾ ਕਿਹਾ। ਉਨ੍ਹਾਂ ਨੂੰ ਪਿਆਰੇ ਦੋਸਤ ਨਰਿੰਦਰ ਕਿਹਾ।
ਇਕ ਅਜਿਹੀ ਦੁਨੀਆਂ ਜਿੱਥੇ ਕੂਟਨੀਤਕ ਨੋਟ ਧਿਆਨ ਨਾਲ ਲਿਖੇ ਜਾਂਦੇ ਹਨ, ’ਚ ਮੈਕ੍ਰੋਂ ਦਾ ਹਿੰਦੀ ’ਚ ‘ਸੀ-ਆਫ’ ਕਰਨਾ ਇਹ ਯਾਦ ਦਿਵਾਉਂਦਾ ਸੀ ਕਿ ਨਿੱਜੀ ਸਮੀਕਰਨ ਕਈ ਵਾਰ ਉਹ ਹਾਸਲ ਕਰ ਸਕਦੇ ਹਨ ਜੋ ਅਧਿਕਾਰਤ ਪ੍ਰੋਟੋਕੋਲ ਨਹੀਂ ਕਰ ਸਕਦਾ।
ਜਦੋਂ ਮੋਦੀ ਤੇ ਉਨ੍ਹਾਂ ਦੀ ਇੱਟਲੀ ਦੀ ਹਮਰੁਤਬਾ ਜੌਰਜੀਆ ਮੇਲੋਨੀ ਏਵੀਅਨ-ਲੇਸ-ਬੈਂਸ ’ਚ ਇਕ ਗਰੁੱਪ ਫੋਟੋ ਲਈ ਪਹੁੰਚੇ ਤਾਂ ਉਨ੍ਹਾਂ ਆਪਸ ’ਚ ਮਜ਼ਾਕ ਕੀਤਾ ਤੇ ਕੁਝ ਹਲਕੇ ਪਲ ਸਾਂਝੇ ਕੀਤੇ। ਇਕ ਵੀਡੀਓ ’ਚ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਦੀ ਪ੍ਰਸਿੱਧੀ ਨੂੰ ਮਜ਼ਾਕੀਆ ਅੰਦਾਜ਼ ’ਚ ਪੇਸ਼ ਕੀਤਾ। ਇਕ ਮਾਈਕ੍ਰੋਫੋਨ ਨੇ ਅਣਵਿਆਹੀ ਮੇਲੋਨੀ ਦੇ ਜਵਾਬ ਨੂੰ ਸਪਸ਼ਟ ਤੌਰ ’ਤੇ ਰਿਕਾਰਡ ਕੀਤਾ ਜਦੋਂ ਉਨ੍ਹਾਂ ਕਿਹਾ ਕਿ ਹਾਂ, ਅਸੀਂ ਇੰਸਟਾਗ੍ਰਾਮ ’ਤੇ ਸਭ ਤੋਂ ਮਸ਼ਹੂਰ ‘ਕਪਲ ’ ਹਾਂ। ਇਸ ਨਾਲ ਮੀਮਜ਼, ਫੈਨ ਐਡਿਟਸ, ਵਾਇਰਲ ਪੋਸਟਾਂ ਤੇ ਇਕ ਆਨਲਾਈਨ ਰੁਝਾਨ ‘ਮੇਲੋਡੀ’ ਦਾ ਹੜ੍ਹ ਜਿਹਾ ਆ ਗਿਆ।
