ਜੇਲ੍ਹ ’ਚ ਝੱਲਣੀ ਪਵੇਗੀ ‘ਲੰਬੀ ਸਰਦੀ’, ਹਿਮਾਚਲ ਪੁਲਸ ਦੀ ਨਸ਼ੇੜੀਆਂ ਨੂੰ ਚਿਤਾਵਨੀ
Tuesday, Nov 29, 2022 - 05:48 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਇਰਾਦਾ ਰੱਖਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਪੁਲਸ ਮੁਤਾਬਕ ਜੇਕਰ ਉਹ ਨਸ਼ੇ ਕਰਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ’ਚ ‘ਲੰਬੀ ਸਰਦੀ’ ਲਈ ਤਿਆਰ ਰਹਿਣਾ ਚਾਹੀਦਾ ਹੈ। ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਲਈ ਹਿਮਾਚਲ ਪੁਲਸ ਦਾ ਇਹ ਸੁਨੇਹਾ ਹੈ।
ਹਿਮਾਚਲ ਦੀਆਂ ਜੇਲ੍ਹਾਂ ਹੁਣ ਬੇਹੱਦ ਠੰਡੀਆਂ ਹੋ ਗਈਆਂ ਹਨ, ਜੇਕਰ ਤੁਸੀਂ ਨਸ਼ੇ ਲੈਣ ਬਾਰੇ ਸੋਚ ਰਹੇ ਹੋ ਤਾਂ ਪੁਲਸ ਜੇਲ੍ਹਾਂ ’ਚ ਲੰਬੇ ਸਮੇਂ ਤੱਕ ਠੰਡ ’ਚ ਰਹਿਣ ਲਈ ਪੁਲਸ ਤੁਹਾਡਾ ਸਵਾਗਤ ਕਰਦੀ ਹੈ। ਹਿਮਾਚਲ ਪੁਲਸ ਦੇ ਫੇਸਬੁੱਕ ਅਕਾਊਂਟ ’ਤੇ 99 ਹਜ਼ਾਰ ਫਾਲੋਅਰਜ਼ ਹਨ। ਸੂਬਾ ਪੁਲਸ ਨਸ਼ਿਆਂ ਦੀ ਵਰਤੋਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸਹਾਰਾ ਲੈ ਰਹੀ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਵਿਚਾਰ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਇਕ ‘ਸੰਖੇਪ ਅਤੇ ਸਪਸ਼ਟ ਸੁਨੇਹਾ’ ਭੇਜਣਾ ਹੈ। ਸੂਬਾਈ ਪੁਲਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਕਿਹਾ, "ਕਿਰਪਾ ਕਰਕੇ ਹਿਮਾਚਲ ’ਚ ਬਰਫਬਾਰੀ ਅਤੇ ਸਰਦੀਆਂ ਦਾ ਆਨੰਦ ਮਾਣੋ। ਨਸ਼ੇ ਨਾ ਕਰੋ, ਨਹੀਂ ਤਾਂ ਤੁਹਾਨੂੰ ਬਹੁਤ ਲੰਮਾ ਸਮਾਂ ਸਲਾਖਾਂ ਪਿੱਛੇ ਕੱਟਣਾ ਪੈ ਸਕਦਾ ਹੈ।" ਪੁਲਸ ਨੇ 'ਜੀਵਨ ਲਈ ਹਾਂ, ਨਸ਼ਿਆਂ ਲਈ ਨਹੀਂ' ਸੁਨੇਹੇ ਨਾਲ 'ਨਸ਼ੀਲੇ ਪਦਾਰਥ' ਸ਼ਬਦ ਦੀ 'ਹੱਥਕੜੀ' ਦੀ ਤਸਵੀਰ ਵੀ ਪੋਸਟ ਕੀਤੀ ਹੈ।