ਸ਼ੱਕੀ ISIS ਅੱਤਵਾਦੀ ਦੀ ਪਤਨੀ ਬੋਲੀ- ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਹੁਣ ਕਰ ਦੋ ਮੁਆਫ

08/23/2020 7:42:54 PM

ਨਵੀਂ ਦਿੱਲੀ - ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਵੱਡੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਸ਼ਨੀਵਾਰ ਨੂੰ ਦਿੱਲੀ ਪੁਲਸ ਸਪੈਸ਼ਲ ਸੈਲ ਨੇ ISIS ਦੇ ਸ਼ੱਕੀ ਅੱਤਵਾਦੀ ਅਬੂ ਯੂਸੁਫ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਹੁਣ ਉਸ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਰਹੇ ਹਨ। ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਸਥਿਤ ਉਸਦੇ ਘਰ 'ਤੇ ਛਾਪੇਮਾਰੀ ਤੋਂ ਬਾਅਦ ਵੱਡੀ ਮਾਤਰਾ 'ਚ ਬਾਰੂਦ ਅਤੇ ਹੋਰ ਸਾਮੱਗਰੀ ਬਰਾਮਦ ਹੋਈ ਹੈ। ਯੂਸੁਫ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਸਰਕਾਰ ਵਲੋਂ ਉਸ ਨੂੰ ਮੁਆਫ ਕਰ ਦੇਣ ਦੀ ਅਪੀਲ ਕੀਤੀ ਹੈ।

ਉਸ ਦੀ ਪਤਨੀ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦਿੱਤੇ ਬਿਆਨ 'ਚ ਕਿਹਾ, ਉਸ ਨੇ ਘਰ 'ਤੇ ਬਾਰੂਦ ਅਤੇ ਹੋਰ ਸਾਮੱਗਰੀ ਜਮਾਂ ਕਰ ਰੱਖੀ ਸੀ। ਜਦੋਂ ਮੈਂ ਉਸ ਨੂੰ ਕਿਹਾ ਕਿ ਉਸ ਨੂੰ ਅਜਿਹਾ ਕੁੱਝ ਵੀ ਨਹੀਂ ਕਰਨਾ ਚਾਹੀਦਾ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਉਸ ਨੂੰ ਨਹੀਂ ਰੋਕਣਾ ਚਾਹੀਦਾ ਹੈ। ਕਾਸ਼ ਉਸ ਨੂੰ ਮੁਆਫ ਕੀਤਾ ਜਾ ਸਕੇ। ਮੇਰੇ ਚਾਰ ਬੱਚੇ ਹਨ, ਮੈਂ ਕਿੱਥੇ ਜਾਵਾਂਗੀ?

ਸ਼ੱਕੀ ਅੱਤਵਾਦੀ ਦੀ ਪਤਨੀ ਨੇ ਕਿਹਾ, ਉਸ ਨੇ ਉਤਰੌਲਾ 'ਚ ਕਾਸਮੈਟਿਕ ਦੀ ਦੁਕਾਨ ਵੀ ਖੋਲ੍ਹੀ ਸੀ ਪਰ ਉਹ ਉੱਥੇ ਬਹੁਤ ਘੱਟ ਬੈਠਦਾ ਸੀ। ਪੂਰੇ ਦਿਨ ਯੂਟਿਊਬ 'ਤੇ ਵੀਡੀਓ ਦੇਖਦਾ ਸੀ ਅਤੇ ਤਕਰੀਰਾਂ ਸੁਣਦਾ ਸੀ। ਉਥੇ ਹੀ ਸ਼ੱਕੀ ਅੱਤਵਾਦੀ ਅਬੂ ਯੂਸੁਫ ਦੇ ਪਿਤਾ ਕਫੀਲ ਅਹਿਮਦ ਨੇ ਬੇਟੇ ਦੀ ਕਰਤੂਤ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, ਮੈਨੂੰ ਪਛਤਾਵਾ ਹੈ ਕਿ ਮੇਰਾ ਪੁੱਤਰ ਅਜਿਹੇ ਕੰਮਾਂ 'ਚ ਲੱਗਾ ਹੈ।

ਕਫੀਲ ਅਹਿਮਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੰਭਵ ਹੋਵੇ ਤਾਂ ਉਸ ਨੂੰ ਇੱਕ ਵਾਰ ਮੁਆਫੀ ਦੇ ਦਿੱਤੀ ਜਾਵੇ ਪਰ ਜੋ ਕੀਤਾ ਉਹ ਬਹੁਤ ਗਲਤ ਹੈ। ਮੈਨੂੰ ਜੇਕਰ ਪਹਿਲਾਂ ਤੋਂ ਪਤਾ ਹੁੰਦਾ ਕਿ ਅਜਿਹੇ ਕੰਮਾਂ 'ਚ ਉਹ ਲੱਗਾ ਹੈ ਤਾਂ ਮੈਂ ਪਹਿਲਾਂ ਹੀ ਉਸ ਨੂੰ ਘਰ ਛੱਡਣ ਨੂੰ ਕਹਿ ਦਿੰਦਾ।

ਦੱਸ ਦਈਏ ਕਿ ਦਿੱਲੀ ਪੁਲਸ ਸਪੈਸ਼ਲ ਸੈਲ ਦੇ ਅਧਿਕਾਰੀਆਂ ਨੇ ਦੋਸ਼ੀ ਯੂਸੁਫ ਨੂੰ ਦਿੱਲੀ ਦੇ ਧੌਲੇ ਖੂਹ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਫੜਿਆ ਸੀ। ਉਸ ਤੋਂ ਬਾਅਦ ਤੋਂ ਭਾਰੀ ਮਾਤਰਾ 'ਚ IED ਮਿਲਿਆ ਸੀ ਜਿਸ ਨੂੰ ਡਿਫਿਊਜ਼ ਕਰਨ ਲਈ ਐੱਨ.ਐੱਸ.ਜੀ. ਨੂੰ ਸੱਦਣਾ ਪਿਆ ਸੀ। ਹੁਣ ਖੁਫੀਆ ਏਜੰਸੀ ਉਸ ਦੇ ਸਾਥੀਆਂ ਦੀ ਤਲਾਸ਼ 'ਚ ਲੱਗੇ ਹੋਏ ਹਨ।


Inder Prajapati

Content Editor

Related News