ਆਗਰਾ ’ਚ ਪਤਨੀ ਦਾ ਕਤਲ ਕਰ ਕੇ ਲਾਸ਼ ਨੂੰ ਸਾੜਿਆ, ਅਸਥੀਆਂ ਯਮੁਨਾ ’ਚ ਵਹਾਈਆਂ

Thursday, Oct 01, 2026 - 09:26 PM (IST)

ਆਗਰਾ ’ਚ ਪਤਨੀ ਦਾ ਕਤਲ ਕਰ ਕੇ ਲਾਸ਼ ਨੂੰ ਸਾੜਿਆ, ਅਸਥੀਆਂ ਯਮੁਨਾ ’ਚ ਵਹਾਈਆਂ

ਆਗਰਾ, (ਇੰਟ.)-ਅਛਨੇਰਾ ਥਾਣਾ ਖੇਤਰ ਦੇ ਕੁਕਥਲਾ ਪਿੰਡ ਵਿਚ ਇਕ ਔਰਤ ਦੇ ਕਥਿਤ ਕਤਲ ਤੋਂ ਬਾਅਦ ਲਾਸ਼ ਨੂੰ ਸਾੜਨ ਦੇ ਮਾਮਲੇ ਵਿਚ ਪੁਲਸ ਨੇ ਉਸ ਦੇ ਪਤੀ ਲੋਕੇਂਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਕਤਲ ਤੋਂ ਬਾਅਦ ਸਬੂਤ ਮਿਟਾਉਣ ਲਈ ਉਸ ਨੇ ਲਾਸ਼ ਨੂੰ ਘਰ ਦੇ ਪਿੱਛੇ ਟੀਨ ਸ਼ੈੱਡ ਵਿਚ ਸਾੜਿਆ ਅਤੇ ਅਸਥੀਆਂ ਨੂੰ ਯਮੁਨਾ ਵਿਚ ਵਹਾ ਦਿੱਤਾ। ਇਸ ਤੋਂ ਬਾਅਦ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਕੇ ਪਰਿਵਾਰ ਵਾਲਿਆਂ ਨਾਲ ਉਸ ਦੀ ਭਾਲ ਕਰਨ ਦਾ ਨਾਟਕ ਕਰਦਾ ਰਿਹਾ। ਪੁਲਸ ਅਨੁਸਾਰ, ਲੋਕੇਂਦਰ ਦਾ ਵਿਆਹ 2022 ਵਿਚ ਅਕਬਰਾ ਨਿਵਾਸੀ ਚਾਂਦਨੀ (27) ਨਾਲ ਹੋਇਆ ਸੀ। ਦੋਵਾਂ ਦੀ ਲੱਗਭਗ 2 ਸਾਲ ਦੀ ਧੀ ਸਿੱਧੀ ਹੈ। ਚਾਂਦਨੀ ਦੇ ਭਰਾ ਮਨੋਜ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਉਸ ’ਤੇ ਪੇਕੇ ਘਰੋਂ 10 ਲੱਖ ਰੁਪਏ ਲਿਆਉਣ ਦਾ ਦਬਾਅ ਬਣਾਉਂਦਾ ਸੀ ਅਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਮੰਗਲਵਾਰ ਨੂੰ ਚਾਂਦਨੀ ਦੇ ਲਾਪਤਾ ਹੋਣ ’ਤੇ ਲੋਕੇਂਦਰ ਅਤੇ ਉਸ ਦੇ ਪੇਕੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ।

ਕਈ ਵਾਰ ਦੇਖੀ ਸੀ ‘ਦ੍ਰਿਸ਼ਯਮ’ ਫਿਲਮ
ਬੁੱਧਵਾਰ ਨੂੰ ਜਾਂਚ ਦੌਰਾਨ ਘਰ ਅਤੇ ਆਸ-ਪਾਸ ਦੇ ਹਾਲਾਤ ਸ਼ੱਕੀ ਮਿਲਣ ’ਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ। ਪੁਲਸ ਦੀ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਲੋਕੇਂਦਰ ਨੇ ਕਥਿਤ ਤੌਰ ’ਤੇ ਕਤਲ ਤੋਂ ਬਾਅਦ ਲਾਸ਼ ਸਾੜਨ ਦੀ ਗੱਲ ਕਬੂਲ ਕੀਤੀ। ਡੀ. ਸੀ. ਪੀ. ਪੱਛਮੀ ਜ਼ੋਨ ਆਦਿਤਿਆ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਵਿਚ ਕਿਹਾ ਕਿ ਉਸ ਨੇ ‘ਦ੍ਰਿਸ਼ਯਮ’ ਫਿਲਮ ਕਈ ਵਾਰ ਦੇਖੀ ਸੀ ਅਤੇ ਉਸ ਨੂੰ ਲੱਗਿਆ ਸੀ ਕਿ ਉਹ ਪੁਲਸ ਨੂੰ ਗੁੰਮਰਾਹ ਕਰ ਕੇ ਬਚ ਜਾਵੇਗਾ। ਪੁਲਸ ਮਾਮਲੇ ਵਿਚ ਹੋਰ ਮੁਲਜ਼ਮਾਂ ਦੀ ਭੂਮਿਕਾ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।


author

Shubam Kumar

Content Editor

Related News