ਪਤੀ ਦੀ ਹੱਤਿਆ ਕਰ ਬਕਸੇ ’ਚ ਸੁੱਟੀ ਲਾਸ਼, ਪਤਨੀ ਸਮੇਤ 3 ਗ੍ਰਿਫ਼ਤਾਰ
Thursday, Oct 22, 2026 - 03:01 AM (IST)
ਉੱਨਾਵ – ਉੱਨਾਵ ਜ਼ਿਲੇ ਵਿਚ ਪੁਲਸ ਨੇ ਇਕ ਸਨਸਨੀਖੇਜ਼ ਹੱਤਿਆਕਾਂਡ ਦਾ ਖੁਲਾਸਾ ਕਰਦਿਆਂ ਮ੍ਰਿਤਕ ਦੀ ਪਤਨੀ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇਕ ਨਾਬਾਲਗ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪੁਲਸ ਅਨੁਸਾਰ 20 ਅਕਤੂਬਰ ਨੂੰ ਥਾਣਾ ਸਦਰ ਖੇਤਰ ਦੇ ਰਾਏਬਰੇਲੀ-ਉੱਨਾਵ ਰਾਜਮਾਰਗ ’ਤੇ ਹੈਲਥ ਹਸਪਤਾਲ ਨੇੜੇ ਇਕ ਲਾਵਾਰਸ ਲੋਹੇ ਦਾ ਬਕਸਾ ਮਿਲਿਆ ਸੀ। ਬਕਸਾ ਖੋਲ੍ਹਣ ’ਤੇ ਉਸ ਵਿਚ ਚਾਦਰ ਤੇ ਕੰਬਲ ਵਿਚ ਲਪੇਟੀ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ।
ਜਾਂਚ ਟੀਮ ਨੇ ਸੀ. ਸੀ. ਟੀ. ਵੀ. ਫੁਟੇਜ ਵੇਖੀ, ਜਿਸ ਵਿਚ ਇਕ ਲੋਡਰ ਵਾਹਨ ’ਚੋਂ ਬਕਸਾ ਸੁੱਟਦੇ ਦੇਖਿਆ ਗਿਆ। ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਪੁਲਸ ਵਾਹਨ ਮਾਲਕ ਤੱਕ ਪਹੁੰਚੀ ਅਤੇ ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ।
ਪੁਲਸ ਮੁਤਾਬਕ ਪਤੀ-ਪਤਨੀ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸੇ ਕਾਰਨ ਪਤਨੀ ਨੇਹਾ ਰਾਵਤ ਨੇ ਗੁਆਂਢੀ ਜਤਿੰਦਰ ਤੇ ਇਕ ਨਾਬਾਲਗ ਨਾਲ ਮਿਲ ਕੇ ਹੱਤਿਆ ਦੀ ਸਾਜ਼ਿਸ਼ ਰਚੀ। ਇਸ ਮਾਮਲੇ ਵਿਚ ਨੇਹਾ, ਜਤਿੰਦਰ ਤੇ ਤੌਹੀਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹੱਤਿਆ ਵਿਚ ਵਰਤਿਆ ਗਿਆ ਭਾਰੀ ਵੱਟਾ, ਲੋਹੇ ਦਾ ਬਕਸਾ ਤੇ ਲੋਡਰ ਬਰਾਮਦ ਕਰ ਲਿਆ ਗਿਆ ਹੈ।
