ਔਰਤ ਨੇ ਕੀਤੀ ਸ਼ਰਾਬੀ ਪਤੀ ਦੀ ਹੱਤਿਆ, ਲਾਸ਼ ਘਰ ’ਚ ਦਫਨਾਈ
Saturday, Sep 06, 2025 - 08:59 PM (IST)

ਧਨਬਾਦ,(ਭਾਸ਼ਾ)- ਝਾਰਖੰਡ ਦੇ ਧਨਬਾਦ ਜ਼ਿਲੇ ਵਿਚ ਇਕ ਆਦਿਵਾਸੀ ਔਰਤ ਨੇ ਕਥਿਤ ਤੌਰ ’ਤੇ ਝਗੜੇ ਤੋਂ ਬਾਅਦ ਆਪਣੇ ਸ਼ਰਾਬੀ ਪਤੀ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਟੁੰਡੀ ਥਾਣਾ ਖੇਤਰ ਦੇ ਤਿਲੈਯਾਤਨ ਪਿੰਡ ਵਿਚ ਵਾਪਰੀ। ਟੁੰਡੀ ਥਾਣਾ ਇੰਚਾਰਜ ਉਮਾ ਸ਼ੰਕਰ ਨੇ ਦੱਸਿਆ ਕਿ ਸੁਰਜੀ ਮਝੀਆਨ (42) ਨੇ ਆਪਣੇ ਪਤੀ ਸੁਰੇਸ਼ ਹਾਂਸਦਾ (45) ਦੀ ਹੱਤਿਆ ਕਰ ਦਿੱਤੀ ਅਤੇ ਘਰ ਦੇ ਇਕ ਕਮਰੇ ਵਿਚ ਟੋਆ ਪੁੱਟ ਕੇ ਲਾਸ਼ ਨੂੰ ਦਫ਼ਨਾ ਦਿੱਤਾ।
ਉਮਾ ਸ਼ੰਕਰ ਨੇ ਕਿਹਾ ਕਿ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੁਰੇਸ਼ ਹਾਂਸਦਾ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ। ਸੁਰੇਸ਼ ਹਾਂਸਦਾ ਇਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋਇਆ ਅਤੇ ਗੁਆਂਢੀਆਂ ਨੂੰ ਉਸਦੇ ਘਰੋਂ ਬਦਬੂ ਆ ਰਹੀ ਸੀ। ਉਦੋਂ ਹੀ ਰਿਸ਼ਤੇਦਾਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਪੁਲਸ ਨੂੰ ਸੂਚਿਤ ਕੀਤਾ। ਪਤਨੀ ਆਪਣੇ ਪਤੀ ਦੀ ਗੈਰਹਾਜ਼ਰੀ ਬਾਰੇ ਵੱਖ-ਵੱਖ ਗੱਲਾਂ ਕਹਿ ਰਹੀ ਸੀ, ਪਰ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ।