SI ਦੀ ਪਤਨੀ ਨੇ ਚੁੱਕਿਆ ਵੱਡਾ ਕਦਮ ! 10 ਮਹੀਨੇ ਪਹਿਲਾਂ ਹੀ ਹੋਈ ਸੀ Love Marriage
Sunday, Sep 20, 2026 - 06:06 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪ੍ਰਯਾਗਰਾਜ 'ਚ ਪੈਂਦੇ ਧੂਮਨਗੰਜ ਥਾਣਾ ਖੇਤਰ ਸਥਿਤ 'ਪਾਰਸ ਗ੍ਰੀਨ ਅਪਾਰਟਮੈਂਟ' ਦੀ 9ਵੀਂ ਮੰਜ਼ਿਲ 'ਤੇ ਸਬ-ਇੰਸਪੈਕਟਰ ਜਿਤੇਂਦਰ ਸਿੰਘ ਦੀ 33 ਸਾਲਾ ਪਤਨੀ ਕੰਚਨ ਨੇ ਸ਼ਨੀਵਾਰ ਰਾਤ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕਾ ਹਾਈ ਕੋਰਟ ਵਿੱਚ ਵਕੀਲ ਸੀ। ਕੰਚਨ ਅਤੇ 2023 ਬੈਚ ਦੇ ਸਬ-ਇੰਸਪੈਕਟਰ ਜਿਤੇਂਦਰ ਸਿੰਘ ਦੀ ਮੁਲਾਕਾਤ ਐੱਲ.ਐੱਲ.ਬੀ. ਪ੍ਰੀਖਿਆ ਦੌਰਾਨ ਹੋਇਆ ਸੀ, ਜਿਸ ਮਗਰੋਂ ਦੋਵਾਂ ਨੇ ਲਗਭਗ 10 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਪੁਲਸ ਅਨੁਸਾਰ, ਪਿਛਲੇ 5 ਦਿਨਾਂ ਤੋਂ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਸ਼ਨੀਵਾਰ ਨੂੰ ਝਗੜਾ ਵਧਣ 'ਤੇ ਜਿਤੇਂਦਰ ਨੇ ਕੰਚਨ ਦੇ ਮਾਪਿਆਂ ਨੂੰ ਕਾਨਪੁਰ ਤੋਂ ਪ੍ਰਯਾਗਰਾਜ ਬੁਲਾਇਆ। ਕੰਚਨ ਨੂੰ ਸਮਝਾਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਰਾਤ 8 ਵਜੇ ਵਾਪਸ ਪਰਤ ਗਏ। ਇਸ ਤੋਂ ਬਾਅਦ ਕੰਚਨ ਆਪਣੇ ਕਮਰੇ ਵਿੱਚ ਚਲੀ ਗਈ। ਰਾਤ ਲਗਭਗ 11:45 ਵਜੇ ਜਿਤੇਂਦਰ ਦੇ ਇੱਕ ਪਰਿਵਾਰਕ ਦੋਸਤ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਕੰਚਨ ਨੇ ਉਸ ਨੂੰ ਸੁਸਾਈਡ ਮੈਸੇਜ ਭੇਜਿਆ ਹੈ। ਜਦੋਂ ਜਿਤੇਂਦਰ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਕੰਚਨ ਫੰਦੇ ਨਾਲ ਲਟਕ ਰਹੀ ਸੀ।
ਡੀ.ਸੀ.ਪੀ. ਸਿਟੀ ਸਾਗਰ ਜੈਨ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਫਲੈਟ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
