ਕੇਜਰੀਵਾਲ ਨੇ ਰਸਤਾ ਕਿਉਂ ਬਦਲਿਆ?
Wednesday, Apr 05, 2023 - 11:18 AM (IST)
ਨਵੀਂ ਦਿੱਲੀ- ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੰਨੇ ਸਾਲਾਂ ’ਚ ‘ਇਕੱਲੇ ਮੈਚ ਖੇਡਣ’ ਤੋਂ ਬਾਅਦ ਆਪਣੀ ਰਣਨੀਤੀ ’ਚ ਬਦਲਾਅ ਕਰ ਰਹੇ ਹਨ। ਉਨ੍ਹਾਂ ਹਾਲੀਆ ਦਿਨਾਂ ’ਚ ਪ੍ਰਧਾਨ ਮੰਤਰੀ ਮੋਦੀ ’ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਕਾਂਗਰਸ ਸਮੇਤ ਉਨ੍ਹਾਂ ਹੋਰ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਛੱਡ ਦਿੱਤਾ ਸੀ।
‘ਆਪ’ ਪਹਿਲੀ ਵਾਰ 27 ਮਾਰਚ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਘਰ ਰਾਤ ਦੇ ਖਾਣੇ ਦੇ ਸੱਦੇ ’ਚ ਸ਼ਾਮਲ ਹੋਈ ਅਤੇ ਪ੍ਰਮੁੱਖ ਮੁੱਦਿਆਂ ’ਤੇ ਇਕੱਠੇ ਚੱਲਣ ਦਾ ਫੈਸਲਾ ਕੀਤਾ। ਹਾਲਾਂਕਿ ‘ਆਪ’ ਨੇ ਇਕੱਲੇ ਹੀ ਲੋਕ ਸਭਾ ਚੋਣਾਂ ਲੜਣ ਦਾ ਫੈਸਲਾ ਕੀਤਾ ਸੀ ਅਤੇ ਕਦੇ ਕਿਸੇ ਸਮਝੌਤੇ ਦੀ ਗੱਲ ਨਹੀਂ ਕੀਤੀ ਪਰ ਇਸ ਗੱਲ ਦੇ ਪੱਕੇ ਸੰਕੇਤ ਹਨ ਕਿ ਕਾਂਗਰਸ ਸਮੇਤ ਸੂਬਿਆਂ ’ਚ ਕੁਝ ਵਿਰੋਧੀ ਪਾਰਟੀਆਂ ਦੇ ਨਾਲ ‘ਆਪ’ ਦੀ ਕੁਝ ‘ਮੌਨ ਸਹਿਮਤੀ’ ਹੋ ਸਕਦੀ ਹੈ। ਮਿਸਾਲ ਲਈ, ਉਨ੍ਹਾਂ ਨੇ ਕਾਂਗਰਸ ਨੂੰ ਦਿੱਲੀ ’ਚ ਸੱਤਾਂ ’ਚੋਂ 2-3 ਲੋਕ ਸਭਾ ਸੀਟਾਂ ਸਾਂਝੀਆਂ ਕਰਨ ਦੇ ਸੰਕੇਤ ਦਿੱਤੇ ਹਨ।
ਇਸ ਗੱਲ ਦੇ ਪੱਕੇ ਸੰਕੇਤ ਹਨ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਜਾਂਚ ਏਜੰਸੀਆਂ ਦੀ ਹਮਲਾਵਰ ਕਾਰਵਾਈ ਤੋਂ ਸਾਰੀਆਂ ਵਿਰੋਧੀ ਪਾਰਟੀਆਂ ਬੇਹੱਦ ਚਿੰਤਿਤ ਹਨ, ਇਸ ਲਈ ਉਨ੍ਹਾਂ ਨੂੰ ਮੁੱਖ ਚੋਣ ਖੇਤਰਾਂ ’ਚ ‘ਦੋਸਤਾਨਾ-ਲੜਾਈ’ ਵਰਗੀ ਮੌਨ ਸਮਝ ਰੱਖਣ ਲਈ ਮਜਬੂਰ ਹੋਣਾ ਪਵੇਗਾ। ਕਾਂਗਰਸ ਨੇ ਅਜੇ ਤੱਕ ਇਨ੍ਹਾਂ ਘਟਨਾਕ੍ਰਮਾਂ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਕਈ ਸੂਬਿਆਂ ’ਚ ਇਸ ਦੀਆਂ ਗਤੀਵਿਧੀਆਂ ਇਸ ਗੱਲ ਦਾ ਸੰਕੇਤ ਦੇ ਰਹੀਆਂ ਹਨ ਕਿ 2024 ’ਚ ਕੀ ਹੋਣ ਵਾਲਾ ਹੈ। ਸ਼ਾਇਦ ਕੇਜਰੀਵਾਲ ਵੀ ਆਪਣੇ ਕਈ ਮੰਤਰੀਆਂ ਨੂੰ ਸਲਾਖਾਂ ਪਿੱਛੇ ਸੁੱਟੇ ਜਾਣ ਤੋਂ ਬਾਅਦ ਸੇਕ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਨੂੰ ਵੀ ਸ਼ਰਾਬ ਘਪਲੇ ’ਚ ਘਸੀਟਿਆ ਜਾ ਸਕਦਾ ਹੈ।