ਨਿਤਿਨ ਗਡਕਰੀ ਨੇ ਕਿਉਂ ਬੇਬਾਕੀ ਨਾਲ ਬੋਲਣਾ ਸ਼ੁਰੂ ਕੀਤਾ!
Saturday, Sep 28, 2024 - 02:54 PM (IST)
ਨਵੀਂ ਦਿੱਲੀ- ਸੜਕੀ ਆਵਾਜਾਈ ਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਆਪਣੇ ਮਨ ਦੀ ਗੱਲ ਕਹਿਣ ਲਈ ਜਾਣੇ ਜਾਂਦੇ ਹਨ। ਮੋਦੀ ਸਰਕਾਰ ’ਚ ਕੈਬਨਿਟ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਪਿਛਲੇ 10 ਸਾਲਾਂ ’ਚ ਕਾਫੀ ਬੇਚੈਨੀ ਪੈਦਾ ਕੀਤੀ ਅਤੇ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਗਲਤਫਹਿਮੀ ਆਪਣੇ ਸਿਖਰ ’ਤੇ ਪਹੁੰਚ ਗਈ।
ਉਦੋਂ ਤੋਂ ਹੁਣ ਤਕ ਗੰਗਾ ’ਚ ਬਹੁਤ ਸਾਰਾ ਪਾਣੀ ਵਹਿ ਚੁਕਾ ਹੈ । ਗਡਕਰੀ ਨੇ ਜਨਤਕ ਸਟੇਜਾਂ ਅਤੇ ਨਿੱਜੀ ਤੌਰ ’ਤੇ ਵੀ ਖੁੱਲ੍ਹ ਕੇ ਬੋਲਣਾ ਬੰਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੁਬਾਰਾ ਬੋਲਣਾ ਸ਼ੁਰੂ ਕੀਤਾ। ਆਪਣੇ ਵਿਚਾਰ ਖੁਲ੍ਹ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਉਂਝ ਉਹ ਜੋ ਵੀ ਕਹਿੰਦੇ ਹਨ, ਸਭ ਇਕ ਹੱਦ ਦੇ ਅੰਦਰ ਹੀ ਹੁੰਦਾ ਹੈ। ਕੁਝ ਹਫ਼ਤੇ ਪਹਿਲਾਂ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਬੀਮਾ ਪਾਲਿਸੀਆਂ ’ਤੇ ਲਾਏ ਗਏ 18 ਫੀਸਦੀ ਜੀ. ਐੱਸ. ਟੀ. ਨੂੰ ਹਟਾਉਣ ਲਈ ਇਕ ਚਿੱਠੀ ਲਿਖੀ ਸੀ।
ਜਦੋਂ ਇਸ ’ਤੇ ਵਿਵਾਦ ਰੁਕਿਆ ਤਾਂ ਗਡਕਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਸਿਰਫ ਨਾਗਪੁਰ ਹਲਕੇ ਦੇ ਇਕ ਵਫ਼ਦ ਵੱਲੋਂ ਸੌਂਪਿਆ ਗਿਆ ਮੰਗ ਪੱਤਰ ਉਨ੍ਹਾਂ ਅੱਗੇ ਰੱਖਿਆ ਸੀ। ਇਸ ਦੇ ਨਤੀਜੇ ਵਜੋਂ ਨਿਰਮਲਾ ਸੀਤਾਰਾਮਨ ਨੇ ਸਿਹਤ ਤੇ ਜੀਵਨ ਬੀਮਾ ਪਾਲਿਸੀਆਂ ’ਤੇ ਲਾਏ ਗਏ ਜੀ. ਐੱਸ. ਟੀ. ਦੇ ਪੂਰੇ ਘੇਰੇ ਦੀ ਜਾਂਚ ਕਰਨ ਲਈ ਮੰਤਰੀਆਂ ਦਾ ਇਕ ਗਰੁੱਪ ਬਣਾਇਆ ਪਰ ਇਹ ਤਾਂ ਸਿਰਫ਼ ਸ਼ੁਰੂਆਤ ਸੀ।
ਉਨ੍ਹਾਂ ਜਨਤਕ ਤੌਰ ’ਤੇ ਖੁਲਾਸਾ ਕੀਤਾ ਕਿ ਵਿਰੋਧੀ ਧਿਰ ਦੇ ਇਕ ਸੀਨੀਅਰ ਨੇਤਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਵੀ ਪੇਸ਼ਕਸ਼ ਕੀਤੀ ਸੀ। ਬਾਅਦ ’ਚ ਉਨ੍ਹਾਂ ਇੱਥੋਂ ਤੱਕ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਦੋਵੇਂ ਵਾਰ ਇਨਕਾਰ ਕਰ ਦਿੱਤਾ ਸੀ। ਭਾਜਪਾ ਦੇ ਕਈ ਆਗੂਆਂ ਨੇ ਇਸ ’ਤੇ ਇਤਰਾਜ਼ ਕੀਤਾ ਪਰ ਗਡਕਰੀ ਆਪਣੇ ਸਟੈਂਡ ’ਤੇ ਕਾਇਮ ਰਹੇ। ਕੁਝ ਦਿਨ ਪਹਿਲਾਂ ਗਡਕਰੀ ਨੇ ਇਕ ਜਨਤਕ ਸਮਾਗਮ ’ਚ ਇਕ ਹੋਰ ਹਮਲਾ ਬੋਲਦਿਆਂ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ‘ਵਿਸ਼ਵਗੁਰੂ’ ਬਣੇ ਤਾਂ ਸਾਨੂੰ ਸਮਾਜਿਕ ਸਦਭਾਵਨਾ ਦਾ ਰਾਹ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਇਕ ਹੋਰ ਟਿੱਪਣੀ ਕੀਤੀ ਕਿ ਜਮਹੂਰੀਅਤ ਦੀ ਅਸਲ ਪ੍ਰੀਖਿਆ ਇਹ ਹੈ ਕਿ ਕੀ ਸੱਤਾ ’ਤੇ ਕਾਬਜ਼ ਵਿਅਕਤੀ ਆਪਣੇ ਵਿਰੁੱਧ ਸਖ਼ਤ ਰਾਏ ਨੂੰ ਬਰਦਾਸ਼ਤ ਕਰ ਸਕਦਾ ਹੈ ਤੇ ਸਵੈ-ਪੜਚੋਲ ਕਰ ਸਕਦਾ ਹੈ? ਉਨ੍ਹਾਂ ਦੀ ਚਿੰਤਾ ਇਹ ਸੀ ਕਿ ਦੇਸ਼ ਮਤਭੇਦਾਂ ਦੀ ਨਹੀਂ, ਸਗੋਂ ਵਿਚਾਰਹੀਨਤਾ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਪਰਦੇ ਪਿੱਛੇ ਕੀ ਪਕਾਇਆ ਜਾ ਰਿਹਾ ਹੈ, ਇਸ ਦਾ ਖੁਲਾਸਾ ਹੋਣਾ ਬਾਕੀ ਹੈ।