ਕੌਣ ਬਣੇਗਾ ਪ੍ਰਸਾਰ ਭਾਰਤੀ ਦੀ ਸੀ. ਈ. ਓ.?
Saturday, Sep 17, 2022 - 02:53 PM (IST)
ਨਵੀਂ ਦਿੱਲੀ– ਆਸਾਮ ਕੈਡਰ ਦੇ 1986 ਬੈਚ ਦੇ ਆਈ. ਏ. ਐੱਸ. ਅਧਿਕਾਰੀ ਰਵੀ ਕਪੂਰ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਦੇ ਤੁਰੰਤ ਬਾਅਦ ਅਚਾਨਕ ਸੰਸਦ ਟੀ. ਵੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਰੂਪ ’ਚ ਉਨ੍ਹਾਂ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਗਿਆ। ਜਾਰੀ ਕੀਤੇ ਗਏ ਕਾਰਜਮੁਕਤੀ ਦੇ ਹੁਕਮ ਅਨੁਸਾਰ, ਉਨ੍ਹਾਂ ਨੂੰ ਵੱਧ ਤੋਂ ਵੱਧ ਇਕ ਮਹੀਨੇ ਦੀ ਮਿਆਦ ਲਈ ਸਰਕਾਰੀ ਬੰਗਲੇ ’ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਲੋਕ ਸਭਾ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਨੂੰ ਸੰਸਦ ਟੀ. ਵੀ. ਦੇ ਸੀ. ਈ. ਓ. ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਰਾਜ ਸਭਾ ਦੇ ਜਨਰਲ ਸਕੱਤਰ ਪ੍ਰਮੋਦ ਚੰਦਰ ਮੋਦੀ ਨੂੰ ਦਸੰਬਰ 2024 ਤੱਕ ਇਕ ਹੋਰ ਕਾਰਜਕਾਲ ਲਈ ਦਿੱਤੇ ਗਏ ਹਾਲੀਆ ਵਾਧੇ ਦੇ ਪਿਛੋਕੜ ’ਚ ਕਪੂਰ ਨੂੰ ਐਕਸਟੈਨਸ਼ਨ ਨਾ ਦੇਣਾ ਮਹੱਤਵਪੂਰਨ ਹੈ। ਇਹ ਮੰਨਿਆ ਗਿਆ ਸੀ ਕਿ ਕਪੂਰ ਨੂੰ ਵੀ ਵਾਧਾ ਮਿਲ ਸਕਦਾ ਹੈ।
ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸੰਸਦ ਟੀ. ਵੀ. ਦੀ ਕਮਾਨ ਸੰਭਾਲਣ ਲਈ ਇਕ ਨਵਾਂ ਚਿਹਰਾ ਜੋ ਪੇਸ਼ੇਵਰ ਹੋਵੇ, ਲਾਇਆ ਜਾ ਸਕਦਾ ਹੈ। ਅਜਿਹੀ ਵੀ ਅਫਵਾਹ ਹੈ ਕਿ ਸੰਸਦ ਟੀ. ਵੀ. ਨੂੰ ਰਾਜ ਸਭਾ ਤੋਂ ਹਟਾ ਦਿੱਤਾ ਜਾਵੇਗਾ ਅਤੇ ਇਸ ਨੂੰ ਲੋਕ ਸਭਾ ਤਹਿਤ ਲਿਆਂਦਾ ਜਾ ਸਕਦਾ ਹੈ। ਅਜਿਹੇ ’ਚ ਲੋਕ ਸਭਾ ਸਪੀਕਰ ਇਸ ਦੇ ‘ਇਕਲੌਤੇ ਮਾਲਕ’ ਹੋ ਸਕਦੇ ਹਨ। ਉਸ ਹਾਲਤ ’ਚ ਲੋਕ ਸਭਾ ਸਪੀਕਰ ਓਮ ਬਿਰਲਾ ਸੀ. ਈ. ਓ. ਦੇ ਰੂਪ ’ਚ ਆਪਣੀ ਪਸੰਦ ਦੇ ਵਿਅਕਤੀ ਨੂੰ ਲਿਆਉਣਗੇ।
ਮਜ਼ੇਦਾਰ ਗੱਲ ਇਹ ਹੈ ਕਿ ਪ੍ਰਸਾਰ ਭਾਰਤੀ ਅਜੇ ਵੀ ਇਕ ਐਡਹਾਕ ਵਿਵਸਥਾ ਦੇ ਤਹਿਤ ਚੱਲ ਰਹੀ ਹੈ, ਜੋ ਸਿਰਫ ਸੰਯੋਗ ਨਹੀਂ ਹੈ। ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਦਾ ਕਾਰਜਕਾਲ ਇਸ ਸਾਲ ਜੂਨ ਦੇ ਦੂਜੇ ਹਫਤੇ ’ਚ ਖਤਮ ਹੋ ਗਿਆ ਸੀ। ਇਹ ਅਫਵਾਹ ਸੀ ਕਿ ਡੀ. ਡੀ. ਅਤੇ ਸੰਸਦ ਟੀ. ਵੀ. ਦਾ ਰਲੇਂਵਾ ਕਰ ਕੇ ਇਨ੍ਹਾਂ ਨੂੰ ਪ੍ਰਸਾਰ ਭਾਰਤੀ ਦਾ ਕਾਰਜਭਾਰ ਦਿੱਤਾ ਜਾ ਸਕਦਾ ਹੈ ਪਰ ਮੋਦੀ ਦੇ ਦਿਮਾਗ ’ਚ ਕੀ ਚੱਲ ਰਿਹਾ ਹੈ, ਇਸ ਦੀ ਭਿਣਕ ਸਰਕਾਰ ’ਚ ਕਿਸੇ ਨੂੰ ਨਹੀਂ ਹੈ।