WHO ਨੇ ਭਾਰਤ ਬਾਇਓਟੈੱਕ ਨੂੰ ਦਿੱਤਾ ਝਟਕਾ, ਕੋਵੈਕਸੀਨ ’ਤੇ ਮੰਗੀ ਹੋਰ ਜਾਣਕਾਰੀ
Tuesday, May 25, 2021 - 05:02 PM (IST)

ਨਵੀਂ ਦਿੱਲੀ– ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਵਿਡ-19 ਲਈ ਆਪਣੇ ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਇਤੇਮਾਲ ਵਾਲੀ ਸੂਚੀ ’ਚ ਸ਼ਾਮਲ ਕਰਨ ਦੀ ਇੱਛਾ ਰੱਖਣ ਵਾਲੇ ਭਾਰਤ ਬਾਇਓਟੈੱਕ ਨੂੰ ਹੋਰ ਜ਼ਿਆਦਾ ਜਾਣਕਾਰੀ ਦੇਣ ਦੀ ਲੋੜ ਹੈ। ਡਬਲਯੂ.ਐੱਚ.ਓ. ਦੀ ਈ.ਯੂ.ਐੱਲ. ਮੂਲਾਂਕਣ ਪ੍ਰਕਿਰਿਆ ’ਚ ਕੋਵਿਡ-19 ਟੀਕਿਆਂ ਦੀ ਸਥਿਤੀ ’ਤੇ ਤਾਜ਼ਾ ਦਿਸ਼ਾ-ਨਿਰਦੇਸ਼ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਬਾਇਓਟੈੱਕ ਨੇ 19 ਅਪ੍ਰੈਲ ਨੂੰ ਈ.ਓ.ਆਈ. ਜਮ੍ਹਾ ਕੀਤਾ ਸੀ ਅਤੇ ਅਜੇ ਹੋਰ ਜਾਣਕਾਰੀ ਚਾਹੀਦੀ ਹੈ।
ਡਬਲਯੂ.ਐੱਚ.ਓ. ਮੁਤਾਬਕ, ਟੀਕਿਆਂ ਦੇ ਐਮਰਜੈਂਸੀ ਇਸਤੇਮਾਲ ਦੀ ਪ੍ਰਕਿਰਿਆ ਲਈ ਸੂਚੀਬੱਧ ਕਰਨ ਦੇ ਲਿਹਾਜ ਨਾਲ ਮਨਜ਼ੂਰੀ ਦੇਣ ਦੀ ਅਰਜ਼ੀ ਗੁਪਤ ਹੁੰਦੀ ਹੈ। ਏਜੰਸੀ ਮੁਤਾਬਕ, ਜੇਕਰ ਮੂਲਾਂਕਣ ਲਈ ਜਮ੍ਹਾ ਕੀਤਾ ਗਿਆ ਕੋਈ ਦਸਤਾਵੇਜ਼ ਸੂਚੀ ’ਚ ਸ਼ਾਮਲ ਕਰਨ ਦੇ ਮਾਨਦੰਡ ਨੂੰ ਪੂਰਾ ਪਾਇਆ ਜਾਂਦਾ ਹੈ ਤਾਂ ਡਬਲਯੂ.ਐੱਚ.ਓ. ਵਿਆਪਕ ਨਤੀਜੇ ਜਾਰੀ ਕਰੇਗਾ।
‘WHO ਨੂੰ 90 ਫ਼ੀਸਦੀ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ’
ਇਸ ਵਿਚਕਾਰ ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ (ਬੀ.ਬੀ.ਆਈ.ਐੱਲ.) ਨੇ ਸਰਕਾਰ ਨੂੰ ਕਿਹਾ ਹੈ ਕਿ ਉਸ ਨੇ ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਇਸਤੇਮਾਲ ਦੀ ਸੂਚੀ ’ਚ ਸ਼ਾਮਲ ਕਰਵਾਉਣ ਲਈ ਡਬਲਯੂ.ਐੱਚ.ਓ. ਨੂੰ 90 ਫ਼ੀਸਦੀ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਹਨ। ਨਵੀਂ ਦਿੱਲੀ ’ਚ ਸੂਤਰਾਂ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ, ਭਾਰਤ ਬਾਇਓਟੈੱਕ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਬਾਕੀ ਦਸਤਾਵੇਜ਼ ਜੂਨ ਤਕ ਜਮ੍ਹਾ ਕੀਤੇ ਜਾ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਈ.ਯੂ.ਐੱਲ. ’ਤੇ ਬੀ.ਬੀ.ਆਈ.ਐੱਲ. ਦੇ ਨਾਲ ਬੈਠਕ ’ਚ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਵੀ. ਕ੍ਰਿਸ਼ਣ ਮੋਹਨ ਅਤੇ ਉਨ੍ਹਾਂ ਦੇ ਸਹਿਯੋਗੀ ਅਤੇ ਸਿਹਤ ਮੰਤਰਾਲਾ, ਬਾਇਓਟੈਕਨਾਲੌਜੀ ਵਿਭਾਗ ਅਤੇ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਂਗਲਾ ਵੀ ਬੈਠਕ ’ਚ ਸ਼ਾਮਲ ਹੋਏ। ਦੱਸ ਦੇਈਏ ਕਿ ਭਾਰਤ ’ਚ ਵੱਡੇ ਪੱਧਰ ’ਤੇ ਇਹ ਵੈਕਸੀਨ ਲਗਾਈ ਜਾ ਰਹੀ ਹੈ ਪਰ ਅਜੇ ਤਕ ਇਸ ਨੂੰ ਡਬਲਯੂ.ਐੱਚ.ਓ. ਦੁਆਰਾ ਮਾਨਤਾ ਨਹੀਂ ਮਿਲੀ।