ਕੌਣ ਹਨ ਜਸਟਿਸ ਸੰਜੀਵ ਖੰਨਾ? CJI ਚੰਦਰਚੂੜ ਤੋਂ ਬਾਅਦ ਹੋਣਗੇ ਅਗਲੇ ਚੀਫ਼ ਜਸਟਿਸ

Thursday, Oct 24, 2024 - 10:09 PM (IST)

ਕੌਣ ਹਨ ਜਸਟਿਸ ਸੰਜੀਵ ਖੰਨਾ? CJI ਚੰਦਰਚੂੜ ਤੋਂ ਬਾਅਦ ਹੋਣਗੇ ਅਗਲੇ ਚੀਫ਼ ਜਸਟਿਸ

ਨੈਸ਼ਨਲ ਡੈਸਕ : ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਸੰਜੀਵ ਖੰਨਾ 11 ਨਵੰਬਰ ਨੂੰ ਸਹੁੰ ਚੁੱਕਣਗੇ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਦੀ ਰਵਾਇਤ ਮੁਤਾਬਕ ਸੁਪਰੀਮ ਕੋਰਟ ਦਾ ਸਭ ਤੋਂ ਸੀਨੀਅਰ ਜੱਜ ਭਾਰਤ ਦਾ ਚੀਫ਼ ਜਸਟਿਸ ਬਣਦਾ ਹੈ। ਇਸ ਰਵਾਇਤ ਅਨੁਸਾਰ ਜਸਟਿਸ ਸੰਜੀਵ ਖੰਨਾ ਅਗਲੇ ਸੀਜੇਆਈ ਬਣਨ ਲਈ ਸਭ ਤੋਂ ਸੀਨੀਅਰ ਹਨ। ਹਾਲਾਂਕਿ, ਉਨ੍ਹਾਂ ਦਾ ਕਾਰਜਕਾਲ ਸਿਰਫ ਛੇ ਮਹੀਨਿਆਂ ਦਾ ਹੋਵੇਗਾ ਤੇ ਉਹ 13 ਮਈ, 2025 ਨੂੰ ਸੇਵਾਮੁਕਤ ਹੋ ਜਾਣਗੇ। CJI ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ ਮੁੱਖ ਜੱਜ ਵਜੋਂ ਸਹੁੰ ਚੁੱਕੀ ਸੀ ਅਤੇ ਲਗਭਗ ਦੋ ਸਾਲ ਦੀ ਸੇਵਾ ਤੋਂ ਬਾਅਦ, ਉਹ 10 ਨਵੰਬਰ 2024 ਨੂੰ ਸੇਵਾਮੁਕਤ ਹੋ ਜਾਣਗੇ।

ਜਸਟਿਸ ਸੰਜੀਵ ਖੰਨਾ ਅਗਲੇ ਸੀਜੇਆਈ
CJI ਚੰਦਰਚੂੜ ਦੇ ਸੇਵਾਮੁਕਤ ਹੋਣ ਤੋਂ ਬਾਅਦ, ਜਸਟਿਸ ਸੰਜੀਵ ਖੰਨਾ ਅਗਲੇ CJI ਵਜੋਂ ਅਹੁਦਾ ਸੰਭਾਲਣਗੇ। ਉਹ 11 ਨਵੰਬਰ 2024 ਨੂੰ ਭਾਰਤ ਦੇ 51ਵੇਂ ਸੀਜੇਆਈ ਵਜੋਂ ਅਹੁਦਾ ਸੰਭਾਲਣਗੇ। ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਦੀ ਪਰੰਪਰਾ ਅਨੁਸਾਰ, ਸੁਪਰੀਮ ਕੋਰਟ ਦਾ ਸਭ ਤੋਂ ਸੀਨੀਅਰ ਜੱਜ ਭਾਰਤ ਦਾ ਚੀਫ਼ ਜਸਟਿਸ ਬਣਦਾ ਹੈ। ਇਸ ਰਵਾਇਤ ਅਨੁਸਾਰ ਜਸਟਿਸ ਸੰਜੀਵ ਖੰਨਾ ਅਗਲੇ ਸੀਜੇਆਈ ਬਣਨ ਲਈ ਸਭ ਤੋਂ ਸੀਨੀਅਰ ਹਨ।

ਨਵੀਂ ਦਿੱਲੀ 'ਚ ਹੋਇਆ ਜਨਮ
ਜਸਟਿਸ ਸੰਜੀਵ ਖੰਨਾ ਦਾ ਜਨਮ 14 ਮਈ 1960 ਨੂੰ ਨਵੀਂ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ, ਜਸਟਿਸ ਦੇਵ ਰਾਜ ਖੰਨਾ, ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਏ, ਜਦੋਂ ਕਿ ਉਨ੍ਹਾਂ ਦੀ ਮਾਤਾ, ਸ਼੍ਰੀਮਤੀ ਸਰੋਜ ਖੰਨਾ, ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀ ਰਾਮ ਕਾਲਜ 'ਚ ਹਿੰਦੀ ਦੀ ਲੈਕਚਰਾਰ ਸਨ। ਜਸਟਿਸ ਸੰਜੀਵ ਖੰਨਾ ਨੇ ਮਾਡਰਨ ਸਕੂਲ, ਨਵੀਂ ਦਿੱਲੀ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ 1977 'ਚ ਸਕੂਲ ਪਾਸ ਕਰਨ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਕੈਂਪਸ ਲਾਅ ਸੈਂਟਰ (CLC), ਫੈਕਲਟੀ ਆਫ਼ ਲਾਅ, ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।

ਜਨਵਰੀ 2019 'ਚ ਸੁਪਰੀਮ ਕੋਰਟ 'ਚ ਹੋਈ ਤਰੱਕੀ
ਜਸਟਿਸ ਸੰਜੀਵ ਖੰਨਾ ਨੂੰ ਜਨਵਰੀ 2019 'ਚ ਸੁਪਰੀਮ ਕੋਰਟ 'ਚ ਤਰੱਕੀ ਮਿਲੀ। ਸੁਪਰੀਮ ਕੋਰਟ 'ਚ ਉਨ੍ਹਾਂ ਦੀ ਨਿਯੁਕਤੀ ਵਿਵਾਦਪੂਰਨ ਸੀ ਕਿਉਂਕਿ 33 ਹੋਰ ਜੱਜ ਉਮਰ ਅਤੇ ਤਜ਼ਰਬੇ ਵਿਚ ਉਨ੍ਹਾਂ ਤੋਂ ਸੀਨੀਅਰ ਸਨ। ਹਾਲਾਂਕਿ ਇਸ ਵਿਵਾਦ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਸੁਪਰੀਮ ਕੋਰਟ 'ਚ ਨਿਯੁਕਤੀ ਤੋਂ ਪਹਿਲਾਂ ਉਹ 14 ਸਾਲ ਦਿੱਲੀ ਹਾਈ ਕੋਰਟ 'ਚ ਜੱਜ ਸਨ। ਜਸਟਿਸ ਖੰਨਾ ਟੈਕਸੇਸ਼ਨ ਅਤੇ ਵਪਾਰਕ ਕਾਨੂੰਨਾਂ 'ਚ ਆਪਣੀ ਮੁਹਾਰਤ ਲਈ ਜਾਣੇ ਜਾਂਦੇ ਹਨ ਤੇ ਪਿਛਲੇ ਦੋ ਦਹਾਕਿਆਂ 'ਚ ਕਈ ਮਹੱਤਵਪੂਰਨ ਫੈਸਲੇ ਸੁਣਾ ਚੁੱਕੇ ਹਨ।

ਸੁਪਰੀਮ ਕੋਰਟ ਦੀ ਵੈੱਬਸਾਈਟ ਦੇ ਅਨੁਸਾਰ, ਜਸਟਿਸ ਖੰਨਾ ਨੇ ਦਿੱਲੀ ਹਾਈ ਕੋਰਟ 'ਚ ਵਧੀਕ ਸਰਕਾਰੀ ਵਕੀਲ ਅਤੇ ਅਦਾਲਤ ਦੇ ਐਮੀਕਸ ਕਿਊਰੀ ਵਜੋਂ ਕਈ ਅਪਰਾਧਿਕ ਮਾਮਲਿਆਂ ਵਿਚ ਬਹਿਸ ਕੀਤੀ। ਅਪ੍ਰੈਲ 2024 'ਚ, ਜਸਟਿਸ ਖੰਨਾ ਨੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) 'ਚ ਪਾਈਆਂ ਗਈਆਂ ਵੋਟਾਂ ਦੀ ਕਰਾਸ-ਵੈਰੀਫਿਕੇਸ਼ਨ ਲਈ ਇੱਕ ਪਟੀਸ਼ਨ 'ਤੇ ਵੀ ਸੁਣਵਾਈ ਕੀਤੀ ਸੀ।


author

Baljit Singh

Content Editor

Related News