ਕੌਣ ਦਿੰਦੈ ਤੂਫਾਨਾਂ ਨੂੰ ''ਅਮਫਾਨ'' ਵਰਗਾ ਨਾਂ ਅਤੇ ਕਿਉਂ ਪੈਂਦੀ ਹੈ ਨਾਂ ਰੱਖਣ ਦੀ ਜ਼ਰੂਰਤ?

Monday, May 18, 2020 - 11:57 PM (IST)

ਕੌਣ ਦਿੰਦੈ ਤੂਫਾਨਾਂ ਨੂੰ ''ਅਮਫਾਨ'' ਵਰਗਾ ਨਾਂ ਅਤੇ ਕਿਉਂ ਪੈਂਦੀ ਹੈ ਨਾਂ ਰੱਖਣ ਦੀ ਜ਼ਰੂਰਤ?

ਨਵੀਂ ਦਿੱਲੀ - ਕੋਰੋਨਾ ਕਾਲ 'ਚ ਦੇਸ਼ ਦੇ ਸਾਹਮਣੇ ਇੱਕ ਹੋਰ ਸੰਕਟ ਖੜਾ ਹੋ ਗਿਆ ਹੈ।  ਬੰਗਾਲ ਦੀ ਖਾੜੀ 'ਚ ਉਠਿਆ ਤੂਫਾਨ ‘ਅਮਫਾਨ’ ਹੁਣ ਸੁਪਰ ਸਾਇਕਲੋਨ 'ਚ ਬਦਲ ਚੁੱਕਾ ਹੈ ਅਤੇ ਤੇਜ ਰਫ਼ਤਾਰ ਨਾਲ ਪੱਛਮੀ ਬੰਗਾਲ ਅਤੇ ਓਡੀਸ਼ਾ ਵੱਲ ਵੱਧ ਰਿਹਾ ਹੈ। ਇਸ ਦੇ ਬੁੱਧਵਾਰ ਨੂੰ ਤਟ ਨਾਲ ਟਕਰਾਉਣ ਦਾ ਅੰਦਾਜਾ ਹੈ ।  ਇਸ ਤੂਫਾਨ ਕਾਰਨ ਇਨ੍ਹਾਂ ਦੋ ਰਾਜਾਂ 'ਚ ਭਾਰੀ ਤਬਾਹੀ ਦਾ ਖਦਸ਼ਾ ਹੈ। ਇਸ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਸਵਾਲ ਉੱਠਦਾ ਹੈ ਕਿ ਇਸ ਤੂਫਾਨ ਦਾ ਨਾਮ ‘ਅਮਫਾਨ’ ਕਿਉਂ ਰੱਖਿਆ ਗਿਆ ਹੈ।  ਤੂਫਾਨਾਂ  ਦੇ ਅਜਿਹੇ ਨਾਮ ਰੱਖਣ ਦੇ ਪਿੱਛੇ ਕੀ ਵਜ੍ਹਾ ਹੈ। ਦਰਅਸਲ ਤੂਫਾਨਾਂ ਦਾ ਨਾਮ ਰੱਖਣ ਦੀ ਜ਼ਿੰਮੇਦਾਰੀ ਉਸ ਖੇਤਰ ਦੇ ਮੌਸਮ ਵਿਭਾਗ ਦੀ ਹੀ ਹੁੰਦੀ ਹੈ ਜਿੱਥੋਂ ਤੂਫਾਨ ਸ਼ੁਰੂ ਹੁੰਦਾ ਹੈ।  ਦੁਨੀਆ 'ਚ 6 ਖੇਤਰੀ ਵਿਸ਼ੇਸ਼ ਮੈਟ੍ਰੋਲੋਜੀਕਲ ਕੇਂਦਰ ਹਨ।  ਇਨ੍ਹਾਂ 'ਚੋਂ ਭਾਰਤ ਦਾ ਮੌਸਮ ਵਿਭਾਗ (IMD) ਇੱਕ ਹੈ।  ਭਾਰਤ ਤਿੰਨ ਪਾਸਿਓ ਸਮੁੰਦਰ ਨਾਲ ਘਿਰਿਆ ਹੈ।  ਬੰਗਾਲ ਦੀ ਖਾੜੀ ਅਤੇ ਅਰਬ ਸਾਗਰ 'ਚ ਉੱਠਣ ਵਾਲੇ ਤੂਫਾਨਾਂ ਦੇ ਨਾਮ ਦੀ ਜ਼ਿੰਮੇਦਾਰੀ ਭਾਰਤ ਦੀ ਹੀ ਹੈ।

ਨਾਮਕਰਣ ਦੀ ਸ਼ੁਰੂਆਤ
ਐਟਲਾਂਟਿਕ ਖੇਤਰ 'ਚ ਤੂਫਾਨਾਂ ਦੇ ਨਾਮਕਰਣ ਦੀ ਸ਼ੁਰੂਆਤ 1953 ਦੀ ਇੱਕ ਸੰਧੀ ਨਾਲ ਹੋਈ।  ਹਾਲਾਂਕਿ, ਹਿੰਦ ਮਹਾਸਾਗਰ ਖੇਤਰ ਦੇ ਅੱਠ ਦੇਸ਼ਾਂ ਨੇ ਭਾਰਤ ਦੀ ਪਹਿਲ 'ਤੇ ਇਸ ਤੂਫਾਨਾਂ ਦੇ ਨਾਮਕਰਣ ਦੀ ਵਿਵਸਥਾ 2004 'ਚ ਸ਼ੁਰੂ ਕੀਤੀ। ਇਨ੍ਹਾਂ ਅੱਠ ਦੇਸ਼ਾਂ 'ਚ ਬੰਗਲਾਦੇਸ਼, ਭਾਰਤ, ਮਾਲਦੀਵ, ਮਿਆਂਮਾਰ, ਓਮਾਨ, ਪਾਕਿਸਤਾਨ, ਥਾਈਲੈਂਡ ਅਤੇ ਸ਼੍ਰੀਲੰਕਾ ਸ਼ਾਮਿਲ ਹਨ।  ਸਾਲ 2018 'ਚ ਈਰਾਨ, ਕਤਰ, ਸਾਉਦੀ ਅਰਬ, ਯੂ.ਏ.ਈ. ਅਤੇ ਯਮਨ ਨੂੰ ਵੀ ਜੋੜਿਆ ਗਿਆ।

‘ਅਮਫਾਨ’ ਨਾਮ ਥਾਈਲੈਂਡ ਨੇ ਦਿੱਤਾ ਹੈ ਅਤੇ ਇਹ 2004 'ਚ ਸੁਝਾਏ ਗਏ 64 ਤੂਫਾਨਾਂ ਦੇ ਨਾਮਾਂ ਦੀ ਮੂਲ ਸੂਚੀ 'ਚ ਆਖਰੀ ਨਾਮ ਹੈ। ਮੌਸਮ ਵਿਭਾਗ ਨੇ ਤੂਫਾਨਾਂ ਲਈ 169 ਨਾਮ ਪਿਛਲੇ ਮਹੀਨੇ ਫਾਇਨਲ ਕੀਤੇ ਹਨ।  ਇਸ 'ਚ ਸਾਰੇ 13 ਦੇਸ਼ਾਂ ਤੋਂ 13 ਨਾਮ ਸ਼ਾਮਲ ਹਨ।  ਆਉਣ ਵਾਲੇ ਸਮੇਂ 'ਚ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ 'ਚ ਉੱਠਣ ਵਾਲੇ ਤੂਫਾਨਾਂ ਨੂੰ ਦਿੱਤੇ ਜਾ ਸਕਦੇ ਹਨ।

ਨਾਮ ਰੱਖਣ ਦਾ ਮੁੱਖ ਕਾਰਣ
ਤੂਫਾਨਾਂ ਦੇ ਨਾਮ ਰੱਖਣ ਦਾ ਮੁੱਖ ਕਾਰਣ ਹੈ ਕਿ ਇਨ੍ਹਾਂ ਨੂੰ ਲੈ ਕੇ ਆਮ ਲੋਕ ਅਤੇ ਵਿਗਿਆਨੀ ਸਪੱਸ਼ਟ ਰਹਿ ਸਕਣ। ਕਾਫ਼ੀ ਚਰਚਾ 'ਚ ਰਹੇ ਤੂਫਾਨ ਹੈਲਨ ਦਾ ਨਾਮ ਬੰਗਲਾਦੇਸ਼ ਨੇ,  ਨਾਨੂਕ ਦਾ ਮਿਆਂਮਾਰ ਨੇ, ਚੱਕੀਰਾਹਾ ਦਾ ਓਮਾਨ ਨੇ, ਨਿਲੋਫਰ ਅਤੇ ਵਰਦਾ ਦਾ ਪਾਕਿਸਤਾਨ ਨੇ, ਮੇਕੁਨੁ ਦਾ ਮਾਲਦੀਵ ਨੇ ਅਤੇ ਹਾਲ ਹੀ 'ਚ ਬੰਗਾਲ ਦੀ ਖਾੜੀ ਤੋਂ ਚਲੇ ਤੂਫਾਨ ਤੀਤਲੀ ਦਾ ਨਾਮ ਪਾਕਿਸਤਾਨ ਦੁਆਰਾ ਦਿੱਤਾ ਗਿਆ ਹੈ।


author

Inder Prajapati

Content Editor

Related News