‘ਤੀਰ-ਕਮਾਨ’ ਸ਼ਿਵ ਸੈਨਾ ਦੇ ਕਿਸ ਧੜੇ ਨੂੰ ਮਿਲੇ, ਬਾਰੇ ਸੁਪਰੀਮ ਕੋਰਟ ਵਲੋਂ ਫੈਸਲਾ 27 ਨੂੰ
Thursday, Sep 08, 2022 - 11:00 AM (IST)

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਬੁੱਧਵਾਰ ਕਿਹਾ ਕਿ ਉਹ 27 ਸਤੰਬਰ ਨੂੰ ਇਸ ’ਤੇ ਵਿਚਾਰ ਕਰੇਗੀ ਕਿ ਚੋਣ ਨਿਸ਼ਾਨ ਤੀਰ-ਕਮਾਨ ਸ਼ਿਵ ਸੈਨਾ ਦੇ ਕਿਸ ਧੜੇ ਨੂੰ ਦਿੱਤਾ ਜਾਵੇ। ਚੋਣ ਕਮਿਸ਼ਨ ਇਸ ’ਤੇ ਵਿਚਾਰ ਕਰੇ ਜਾਂ ਨਾ ਕਰੇ ਪਰ ਚੋਣ ਕਮਿਸ਼ਨ ਆਪਣਾ ਫੈਸਲਾ 27 ਸਤੰਬਰ ਨੂੰ ਸੁਣਾ ਦੇਵੇਗੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਸੰਖੇਪ ਸੁਣਵਾਈ ਕੀਤੀ। ਮਾਣਯੋਗ ਜੱਜ ਡੀ. ਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ 5 ਮੈਂਬਰੀ ਬੈਂਚ ਨੇ ਉਕਤ ਟਿੱਪਣੀ ਕੀਤੀ। ਮਾਣਯੋਗ ਜੱਜਾਂ ਨੇ ਸਭ ਧਿਰਾਂ ਦੇ ਨਾਲ-ਨਾਲ ਚੋਣ ਕਮਿਸ਼ਨ ਨੂੰ ਸੁਣਵਾਈ ਤੋਂ ਪਹਿਲਾਂ 3 ਪੰਨਿਆਂ ਤੋਂ ਵੱਧ ਦਾ ਸੰਖੇਪ ਨੋਟ ਦਾਖਲ ਕਰਨ ਲਈ ਕਿਹਾ। ਚੋਣ ਕਮਿਸ਼ਨ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਰਵਿੰਦ ਨੇ ਕਿਹਾ ਕਿ ਚੋਣ ਨਿਸ਼ਾਨ ਐਕਟ ਅਧੀਨ ਜੇ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਸਭ ਧਿਰਾਂ ਨੂੰ ਨੋਟਿਸ ਜਾਰੀ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ’ਚ ਸਮਾਂ ਲੱਗਦਾ ਹੈ।
ਸ਼ਿਵ ਸੈਨਾ ਦੇ ਸ਼ਿੰਦੇ ਗਰੁੱਪ ਦੇ ਵਕੀਲ ਨੀਰਜ ਕਿਸ਼ਨ ਕੌਲ ਨੇ ਕਿਹਾ ਕਿ ਚੋਣ ਕਮਿਸ਼ਨ ਫੈਸਲਾ ਲੈਣ ਲਈ ਆਜ਼ਾਦ ਹੈ। ਉਸ ਨੂੰ ਫੈਸਲਾ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ। ਠਾਕਰੇ ਗਰੁੱਪ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ 3 ਅਗਸਤ ਦੇ ਹੁਕਮ ਨੇ ਠਾਕਰੇ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਮਾਂ ਮੰਗਣ ਦੀ ਆਗਿਆ ਦਿੱਤੀ ਸੀ।