ਪਿਛਲੀ ਸਰਕਾਰ ਦੇ ਕੰਮਾਂ ਬਾਰੇ ਸਰਕਾਰ ਲਿਆਵੇਗੀ ਵਾਈਟ ਪੇਪਰ: ਰੇਖਾ ਗੁਪਤਾ
Monday, Mar 24, 2025 - 06:11 PM (IST)

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੀ ਸਰਕਾਰ ਦੇ ਕੰਮਕਾਜ 'ਤੇ ਵਾਈਟ ਪੇਪਰ ਲਿਆਵੇਗੀ। ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) 27 ਸਾਲਾਂ ਬਾਅਦ ਦਿੱਲੀ 'ਚ ਸੱਤਾ 'ਚ ਆਈ ਹੈ। ਵਿੱਤ ਮੰਤਰੀ ਰੇਖਾ ਗੁਪਤਾ ਮੰਗਲਵਾਰ ਨੂੰ ਸਦਨ 'ਚ ਬਜਟ ਪੇਸ਼ ਕਰੇਗੀ। ਮੁੱਖ ਮੰਤਰੀ ਗੁਪਤਾ ਵਿੱਤ ਮੰਤਰਾਲਾ ਵੀ ਸੰਭਾਲ ਰਹੇ ਹਨ।
ਇਸ ਤੋਂ ਪਹਿਲਾਂ ਲਕਸ਼ਮੀ ਨਗਰ ਤੋਂ ਭਾਜਪਾ ਵਿਧਾਇਕ ਅਭੈ ਵਰਮਾ ਨੇ ਸਦਨ ਵਿਚ ਆਰਥਿਕ ਸਰਵੇਖਣ ਪੇਸ਼ ਨਾ ਕੀਤੇ ਜਾਣ ਸਬੰਧੀ ਕਿਹਾ ਕਿ ਸੰਸਦੀ ਪਰੰਪਰਾ ਵਿਚ ਆਮ ਤੌਰ ’ਤੇ ਸਰਕਾਰ ਬਜਟ ਪੇਸ਼ ਕਰਨ ਤੋਂ ਪਹਿਲਾਂ ਆਰਥਿਕ ਸਰਵੇਖਣ ਪੇਸ਼ ਕਰਦੀ ਹੈ, ਤਾਂ ਕੀ ਕਾਰਨ ਹੈ ਕਿ ਇਸ ਵਾਰ ਆਰਥਿਕ ਸਰਵੇਖਣ ਪੇਸ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਵਿੱਤ ਮੰਤਰੀ ਤੋਂ ਇਸ ਮੁੱਦੇ ’ਤੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ।
ਵਰਮਾ ਦੇ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ 'ਚ ਅਜਿਹੀਆਂ ਕਈ ਪਰੰਪਰਾਵਾਂ ਮੁੜ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੇਲੇ ਕਦੇ ਵੀ ਪ੍ਰਸ਼ਨ ਕਾਲ ਨਹੀਂ ਹੁੰਦਾ ਸੀ ਪਰ ਹੁਣ ਪ੍ਰਸ਼ਨ ਕਾਲ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ, ਪਰ ਇਸ ਵਿਚ ਕੁਝ ਹੋਰ ਸਮਾਂ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਤੋਂ ਆਡਿਟ ਰਿਪੋਰਟ ਅਜੇ ਪ੍ਰਾਪਤ ਨਹੀਂ ਹੋਈ ਹੈ। ਨਾਲ ਹੀ ਕਈ ਅਫਸਰਾਂ ਨੇ ਵੀ ਆਪਣੀ ਰਿਪੋਰਟ ਨਹੀਂ ਸੌਂਪੀ ਹੈ।
ਮੁੱਖ ਮੰਤਰੀ ਗੁਪਤਾ ਨੇ ਕਿਹਾ ਕਿ ਆਡਿਟ ਰਿਪੋਰਟਾਂ ਪ੍ਰਾਪਤ ਹੁੰਦੇ ਹੀ ਆਰਥਿਕ ਸਰਵੇਖਣ ਦੀ ਰਿਪੋਰਟ ਸਦਨ ਵਿਚ ਰੱਖੀ ਜਾਵੇਗੀ। ਇਸ ਦੇ ਨਾਲ ਹੀ ਪਿਛਲੀ ਸਰਕਾਰ ਦੇ ਕੰਮਕਾਜ ਬਾਰੇ ਵੀ ਵਾਈਟ ਪੇਪਰ ਲਿਆਂਦਾ ਜਾਵੇਗਾ। ਇਸ ਬਾਰੇ ਸਵਾਲ ਉੱਠਿਆ ਕਿ ਕੀ ਬਜਟ ਪੇਸ਼ ਹੋਣ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। ਨਾਲ ਹੀ ਪਿਛਲੀ ਸਰਕਾਰ ਦੇ ਕੰਮਾਂ ਨੂੰ ਵੀ ਵਾਈਟ ਪੇਪਰ 'ਤੇ ਲਿਆਂਦਾ ਜਾਵੇਗਾ।