ਉਮੀਦਵਾਰ ਭਾਜਪਾ ਮੂਲ ਦਾ ਹੈ ਜਾਂ ਬਾਹਰੋਂ ਆਇਆ ਹੈ, ਭਾਜਪਾ ਨੂੰ ਜਿੱਤ ਚਾਹੀਦੀ ਹੈ

03/05/2024 12:58:21 PM

ਨਵੀਂ ਦਿੱਲੀ- ਭਾਜਪਾ ਨੇ 195 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ’ਚ 4 ਕੇਂਦਰੀ ਮੰਤਰੀਆਂ ਸਮੇਤ 34 ਮੌਜੂਦਾ ਸੰਸਦ ਮੈਂਬਰਾਂ ਨੂੰ ਲੋਕ ਸਭਾ ਦੀਆਂ ਚੋਣਾਂ ਲਈ ਟਿਕਟਾਂ ਨਹੀਂ ਦਿੱਤੀਆਂ ਹਨ। ਹੁਣ ਬਾਕੀ ਦੀਆਂ 240 ਸੀਟਾਂ ਦੇ ਸੰਭਾਵਤ ਉਮੀਦਵਾਰਾਂ ਦੇ ਸਿਰਾਂ ’ਤੇ ਤਲਵਾਰ ਲਟਕੀ ਹੋਈ ਹੈ।

ਪੰਜਾਬ, ਹਰਿਆਣਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਹਿਮਾਚਲ, ਕਰਨਾਟਕ, ਓਡਿਸ਼ਾ, ਬਿਹਾਰ, ਤਾਮਿਲਨਾਡੂ, ਉੱਤਰ-ਪੂਰਬ ਤੇ ਕੁਝ ਹੋਰ ਸੂਬਿਆਂ ਦੀਆਂ ਸੀਟਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਕਿਉਂਕਿ ਭਾਜਪਾ ਆਪਣੇ ਗੱਠਜੋੜ ਬਣਾਉਣ ਦੀ ਪ੍ਰਕਿਰਿਆ ’ਚ ਹੈ। ਪਹਿਲੀ ਸੂਚੀ ’ਚ ਭਾਜਪਾ ਸੁਰੱਖਿਅਤ ਰਹੀ। ਬਾਅਦ ਵਿਚ ਐਲਾਨੀਆਂ ਜਾਣ ਵਾਲੀਆਂ ਸੀਟਾਂ ਲਈ ਸਖ਼ਤ ਟੱਕਰ ਹੋਵੇਗੀ।

ਮੀਨਾਕਸ਼ੀ ਲੇਖੀ ਦੇ ਨਾਲ ਹੀ 3 ਹੋਰ ਮੰਤਰੀਆਂ ਨੂੰ ਵੀ ਟਿਕਟਾਂ ਨਹੀਂ ਮਿਲੀਆਂ। ਜੌਹਨ ਬਰਲਾ (ਅਲੀਪੁਰ), ਪ੍ਰਤਿਮਾ ਭੌਮਿਕ (ਤ੍ਰਿਪੁਰਾ) ਤੇ ਰਾਮੇਸ਼ਵਰ ਤੇਲੀ (ਅਾਸਾਮ-ਡਿਬਰੂਗੜ੍ਹ) ਨੂੰ ਵੀ ਟਿਕਟਾਂ ਨਹੀਂ ਦਿੱਤੀਆਂ ਗਈਆਂ।

ਇਸ ਤੱਥ ਨੂੰ ਵੇਖਦੇ ਹੋਏ ਕਿ ਇਸ ਵਾਰ ਉਸ ਦੇ ਹੋਰ ਸਹਿਯੋਗੀ ਹੋਣਗੇ, ਭਾਜਪਾ 543 ’ਚੋਂ 430-435 ਸੀਟਾਂ ’ਤੇ ਚੋਣ ਲੜ ਸਕਦੀ ਹੈ। 2019 ’ਚ ਭਾਜਪਾ ਨੇ ਆਂਧਰਾ ਪ੍ਰਦੇਸ਼ ਦੀਆਂ 24 ਸੀਟਾਂ ਸਮੇਤ 437 ਸੀਟਾਂ ’ਤੇ ਚੋਣ ਲੜੀ ਸੀ। ਇਸ ਵਾਰ ਭਾਜਪਾ ਟੀ. ਡੀ. ਪੀ.-ਜਨਸੇਨਾ ਨਾਲ ਗੱਠਜੋੜ ਕਰ ਕੇ ਆਂਧਰਾ ’ਚ 25 ’ਚੋਂ ਸਿਰਫ਼ 6 ਸੀਟਾਂ ’ਤੇ ਚੋਣ ਲੜੇਗੀ। ਭਾਜਪਾ ਨੇ 2019 ’ਚ ਮਹਾਰਾਸ਼ਟਰ ’ਚ 23 ਸੀਟਾਂ ’ਤੇ ਚੋਣ ਲੜੀ ਸੀ। ਇਸ ਵਾਰ ਉਹ 28 ਤੋਂ 30 ਸੀਟਾਂ ’ਤੇ ਚੋਣ ਲੜੇਗੀ।

ਇਸੇ ਤਰ੍ਹਾਂ ਬਿਹਾਰ ’ਚ ਭਾਜਪਾ 17 ਦੀ ਬਜਾਏ ਹੋਰ ਸੀਟਾਂ ’ਤੇ ਚੋਣ ਲੜੇਗੀ। ਜੇ ਅਕਾਲੀ ਦਲ ਨਾਲ ਸਮਝੌਤੇ ’ਤੇ ਮੋਹਰ ਲੱਗ ਗਈ ਤਾਂ ਪੰਜਾਬ ’ਚ ਵੀ ਭਾਜਪਾ ਨੂੰ ਵੱਡਾ ਹਿੱਸਾ ਮਿਲ ਸਕਦਾ ਹੈ। ਪੀ. ਐੱਮ. ਮੋਦੀ ਦੀ ਅਗਵਾਈ ਵਾਲੀ ਭਾਜਪਾ ਲੀਡਰਸ਼ਿਪ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਪਾਰਟੀ ਦਾ ਮੂਲ ਵਰਕਰ ਕੌਣ ਹੈ ਜਾਂ ਬਾਹਰੀ ਕੌਣ ਹੈ? ਸਿਰਫ ਇਸ ਗੱਲ ’ਤੇ ਵਿਚਾਰ ਹੋ ਰਿਹਾ ਹੈ ਕਿ ਕੀ ਉਹ ਜਿੱਤੇਗਾ ਜਾਂ ਨਹੀਂ?

2019 ਦੀਆਂ ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਨੇ ਉਦੋਂ ਦੇ 282 ਮੌਜੂਦਾ ਲੋਕ ਸਭਾ ਮੈਂਬਰਾਂ ’ਚੋਂ 99 ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜੋ 35 ਫੀਸਦੀ ਹੈ। ਇੱਥੋਂ ਤੱਕ ਕਿ ਭਾਜਪਾ ਦੇ 282 ਸੰਸਦ ਮੈਂਬਰਾਂ ’ਚੋਂ ਸਿਰਫ਼ 130 ਮੂਲ ਭਾਜਪਾ ਦੇ ਸਨ। ਬਾਕੀ ਹੋਰ ਪਾਰਟੀਆਂ ਦੇ ਸਨ। ਇਸ ਵਾਰ ਸਰਜਰੀ ਉਦੋਂ ਹੀ ਵਿਖਾਈ ਦੇਵੇਗੀ ਜਦੋਂ ਸਾਰੀਆਂ ਟਿਕਟਾਂ ਵੰਡੀਆਂ ਜਾਣਗੀਆਂ।


Rakesh

Content Editor

Related News