ਕਿੱਥੇ ਹੈ 300 ਯੂਨਿਟ ਫਰੀ ਬਿਜਲੀ, ਕਿੱਥੇ ਹਨ ਇਕ ਲੱਖ ਰੁਜ਼ਗਾਰ: ਅਨੁਰਾਗ
Tuesday, Feb 21, 2023 - 10:18 AM (IST)
ਡਾਡਾਸੀਬਾ (ਸੁਨੀਲ)- ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਸੂਬੇ ਨੂੰ ਕਰਜ਼ੇ 'ਚ ਡੁਬਾਉਣ ਲਈ ਕੰਮ ਕਰ ਰਹੀ ਹੈ। ਔਰਤਾਂ ਨੂੰ 1500-1500 ਰੁਪਏ ਤਾਂ ਨਹੀਂ ਦਿੱਤੇ ਪਰ ਸ਼ੁਰੂਆਤੀ ਦੌਰ 'ਚ ਹੀ ਸਰਕਾਰ ਨੇ ਉਲਟਾ 1500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ, ਨਾਲ ਹੀ ਕਰਜ਼ੇ ਦੀ ਲਿਮਿਟ ਵੀ ਵਧਾ ਦਿੱਤੀ। ਇਹ ਗੱਲ ਕੇਂਦਰੀ ਸੂਚਨਾ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਆਖੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਹਰ ਰੋਜ਼ ਸੂਬੇ ਦੇ ਉਪਰ 30 ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਵਾਲੀ ਇਹ ਸਰਕਾਰ ਜੇਕਰ 5 ਸਾਲ ਤੱਕ ਚੱਲੀ ਤਾਂ ਸੂਬੇ ਨੂੰ ਦੀਵਾਲੀਆ ਬਣਾ ਦੇਵੇਗੀ। ਜਸਵਾਂ-ਪ੍ਰਾਗਪੁਰ ਵਿਧਾਨ ਸਭਾ ਖੇਤਰ ਤਹਿਤ ਆਉਣ ਵਾਲੇ ਗੰਗੋਟ ਪਿੰਡ 'ਚ ਕਾਰਜ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਭ ਕੁਝ ਜਾਣਦੇ ਹੋਏ ਵੀ ਵੱਡੇ-ਵੱਡੇ ਵਾਅਦੇ ਕਰਨ ਵਾਲੀ ਕਾਂਗਰਸ ਨੇ ਝੂਠ ਦੇ ਸਹਾਰੇ ਸੱਤਾ ਤਾਂ ਹਾਸਲ ਕਰ ਲਈ ਪਰ ਅਜੇ ਤੱਕ ਆਪਣੀ ਇਕ ਵੀ ਗਾਰੰਟੀ ਨੂੰ ਪੂਰਾ ਨਹੀਂ ਕਰ ਸਕੀ ਹੈ।
ਸੂਬੇ ਦੀ ਜਨਤਾ 300 ਯੂਨਿਟ ਫਰੀ ਬਿਜਲੀ ਦੀ ਉਡੀਕ ਕਰ ਰਹੀ ਹੈ। ਪਹਿਲੀ ਕੈਬਨਿਟ ਵਿਚ ਓ. ਪੀ. ਐੱਸ. ਦੇਣ ਦਾ ਵਾਅਦਾ ਕੀਤਾ ਪਰ ਕਾਮਿਆਂ ਨੂੰ 2 ਮਹੀਨੇ ਦੀ ਉਡੀਕ ਕਰਵਾਈ ਪਰ ਅਜੇ ਤੱਕ ਓ. ਪੀ. ਐੱਸ. ਨੂੰ ਲੈ ਕੇ ਕੋਈ ਵੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੋ ਸਕੇ ਹਨ। ਹਾਲਾਤ ਇਹ ਹਨ ਕਿ ਨਾ ਤਾਂ ਓ. ਪੀ. ਐੱਸ. ਦੇਣ ਵਾਲਿਆ ਨੂੰ ਪਤਾ ਹੈ ਅਤੇ ਨਾ ਹੀ ਓ. ਪੀ. ਐੱਸ. ਲੈਣ ਵਾਲਿਆਂ ਨੂੰ। ਅਨੁਰਾਗ ਨੇ ਸੁੱਖੂ ਸਰਕਾਰ ਕੋਲੋਂ ਪੁੱਛਿਆ ਕਿ ਉਹ ਦੱਸੇ ਇਕ ਲੱਖ ਰੁਜ਼ਗਾਰ ਕਿਥੇ ਹਨ?