ਜਦ ਮਲਹੋਤਰਾ ਨੇ ‘ਨਾਂਹ’ ਕੀਤੀ-ਅਤੇ ਗੁੰਮਨਾਮੀ ’ਚ ਗੁਆਚ ਗਏ
Thursday, Oct 09, 2025 - 10:29 PM (IST)

ਨੈਸ਼ਨਲ ਡੈਸਕ- ਸੀਨੀਅਰ ਭਾਜਪਾ ਨੇਤਾ ਵਿਜੇ ਕੁਮਾਰ ਮਲਹੋਤਰਾ, ਜਿਨ੍ਹਾਂ ਦਾ 93 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ, ਪਾਰਟੀ ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਸਨ। ਆਪਣੀ ਵੱਖਰੀ ਸੋਚ ਰੱਖਣ ਵਾਲੇ, ਉਹ ਅਕਸਰ ਤੈਅਸ਼ੁਦਾ ਰਸਤੇ ’ਤੇ ਚੱਲਣ ਤੋਂ ਇਨਕਾਰ ਕਰਦੇ ਸਨ- ਅਤੇ ਇਸ ਦੀ ਸਿਆਸੀ ਕੀਮਤ ਅਦਾ ਕਰਨੀ ਪਈ।
ਜਦੋਂ 2014 ’ਚ ਨਰਿੰਦਰ ਮੋਦੀ ਸੱਤਾ ’ਚ ਆਏ, ਤਾਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨੇ ਰਾਜਪਾਲ ਦੇ ਅਹੁਦੇ ਲਈ ਸੀਨੀਅਰ ਨੇਤਾਵਾਂ ਦੀ ਇਕ ਸੂਚੀ ਤਿਆਰ ਕੀਤੀ। ਮੋਦੀ ਮਲਹੋਤਰਾ ਦੀ ਸ਼ਲਾਘਾ ਕਰਦੇ ਸਨ। ਇਨ੍ਹਾਂ ਨਾਵਾਂ ਵਿਚ ਕੇਸਰੀ ਨਾਥ ਤ੍ਰਿਪਾਠੀ, ਕੈਲਾਸ਼ ਜੋਸ਼ੀ, ਬਲਰਾਮਜੀ ਦਾਸ ਟੰਡਨ, ਰਾਮ ਨਾਇਕ- ਅਤੇ ਵੀ. ਕੇ. ਮਲਹੋਤਰਾ ਸ਼ਾਮਲ ਸਨ। ਨਾਇਕ ਨੂੰ ਉੱਤਰ ਪ੍ਰਦੇਸ਼ ਦਾ ਰਾਜਪਾਲ ਚੁਣਿਆ ਗਿਆ, ਜਦਕਿ ਮਲਹੋਤਰਾ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ।
ਦਿੱਲੀ ਦੇ ਕੇਰਲ ਹਾਊਸ ਵਿਖੇ ਇਕ ਪ੍ਰੈੱਸ ਕਾਨਫਰੰਸ ’ਚ ਸ਼ੀਲਾ ਦੀਕਸ਼ਿਤ ਵੱਲੋਂ ਕੇਰਲ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਇਕ ਸਨਮਾਨਯੋਗ ਅਹੁਦਾ ਜਾਪ ਰਿਹਾ ਸੀ ਪਰ ਮਲਹੋਤਰਾ ਨੇ ਚੁੱਪਚਾਪ ਮਨ੍ਹਾ ਕਰ ਦਿੱਤਾ। ਉਸ ਦਾ ਕਾਰਨ? ਉਹ ਰਾਜਧਾਨੀ ਤੋਂ ਕੁਝ ਦੂਰ ਰਹਿਣਾ ਚਾਹੁੰਦੇ ਸਨ-ਉੱਤਰ ਪ੍ਰਦੇਸ਼, ਪੰਜਾਬ ਜਾਂ ਰਾਜਸਥਾਨ ਤਾਂ ਠੀਕ ਰਹੇਗਾ ਪਰ ਕੇਰਲ ਨਹੀਂ।
ਇਸ ਇਕ ਫੈਸਲੇ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਸੂਚੀ ’ਚ ਸ਼ਾਮਲ ਹੋਰ ਲੋਕ ਰਾਜ ਭਵਨ ਗਏ। ਹਾਲਾਂਕਿ, ਮਲਹੋਤਰਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਬਾਅਦ ’ਚ ਉਨ੍ਹਾਂ ਨੂੰ ਅਖਿਲ ਭਾਰਤੀ ਖੇਡ ਪ੍ਰੀਸ਼ਦ ਦਾ ਚੇਅਰਮੈਨ ਬਣਾਇਆ ਗਿਆ, ਜੋ ਕਿ ਖੇਡ ਮੰਤਰਾਲਾ ਦੀ ਇਕ ਸਲਾਹਕਾਰ ਸੰਸਥਾ ਹੈ-ਇਕ ਸਨਮਾਨਯੋਗ ਅਹੁਦਾ ਪਰ ਉਸ ਸ਼ਕਤੀ ਅਤੇ ਦਿੱਖ ਤੋਂ ਕੋਹਾਂ ਦੂਰ ਜੋ ਉਨ੍ਹਾਂ ਨੂੰ ਕਦੇ ਪ੍ਰਾਪਤ ਸੀ।
ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਸਮਕਾਲੀ, ਮਲਹੋਤਰਾ ਦਹਾਕਿਆਂ ਤੱਕ ਦਿੱਲੀ ’ਚ ਭਾਜਪਾ ਦਾ ਚਿਹਰਾ ਰਹੇ, ਪੰਜ ਵਾਰ ਵਿਧਾਇਕ, ਸੰਸਦ ਮੈਂਬਰ ਅਤੇ ਰਾਜਧਾਨੀ ’ਚ ਪਾਰਟੀ ਪ੍ਰਧਾਨ ਰਹੇ। ਫਿਰ ਵੀ, ਦਿੱਲੀ ਦੇ ਆਪਣੇ ਸਹਿਜ ਖੇਤਰ ਤੋਂ ਅੱਗੇ ਵਧਣ ਦੀ ਉਨ੍ਹਾਂ ਦੀ ਨਾ-ਮਰਜ਼ੀ ਉਨ੍ਹਾਂ ਦੇ ਕਰੀਅਰ ਦਾ ਇਕ ਫੈਸਲਾਕੁੰਨ ਮੋੜ ਬਣ ਗਈ। ਰਾਜਨੀਤੀ ਦੀ ਕਠੋਰ ਦੁਨੀਆ ’ਚ, ਮਲਹੋਤਰਾ ਦੀ ਕਹਾਣੀ ਇਕ ਯਾਦ ਦਿਵਾਉਂਦੀ ਹੈ: ਕਦੇ-ਕਦੇ, ‘ਨਾਂਹ’ ਕਹਿਣਾ ਗੁੰਮਨਾਮੀ ਦਾ ਸਭ ਤੋਂ ਛੋਟਾ ਰਸਤਾ ਹੁੰਦਾ ਹੈ।