ਘਰ ਦੇ ਬਾਹਰ ਖੜ੍ਹੇ ਵਾਹਨਾਂ ਤੋਂ ਤੰਗ ਆ ਕੇ ਬਜ਼ੁਰਗ ਗੁਆਂਢੀ ਨੇ ਸਿੱਧਰਮਈਆ ਦਾ ਰਾਹ ਰੋਕਿਆ
Saturday, Jul 29, 2023 - 12:33 PM (IST)

ਬੈਂਗਲੁਰੂ, (ਭਾਸ਼ਾ)– ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਇਕ ਬਜ਼ੁਰਗ ਗੁਆਂਢੀ ਨੇ ਆਪਣੇ ਘਰ ਦੇ ਸਾਹਮਣੇ ਲਗਾਤਾਰ ਖੜ੍ਹੇ ਹੋ ਰਹੇ ਵਾਹਨਾਂ ਤੋਂ ਤੰਗ ਆ ਕੇ ਉਨ੍ਹਾਂ ਦੀ (ਮੁੱਖ ਮੰਤਰੀ ਦੀ) ਕਾਰ ਦਾ ਰਸਤਾ ਰੋਕ ਲਿਆ। ਇਸ ਦੌਰਾਨ ਗੁਆਂਢੀ ਨੇ ਸਭ ਤੋਂ ਪਹਿਲਾਂ ਆਪਣੀ 5 ਸਾਲਾਂ ਤੋਂ ਚੱਲ ਰਹੀ ਸਮੱਸਿਆ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ।
ਸੀਨੀਅਰ ਨਾਗਰਿਕ ਦੀ ਪਛਾਣ ਪੁਰਸ਼ੋਤਮ ਦੇ ਰੂਪ ਵਿਚ ਹੋਈ ਹੈ, ਜੋ ਉਸ ਦੇ ਘਰ ਦੇ ਸਾਹਮਣੇ ਖੜ੍ਹੇ ਵਾਹਨਾਂ ਦੀ ਲੰਬੀ ਲਾਈਨ ਤੋਂ ਪ੍ਰੇਸ਼ਾਨ ਹੋ ਕੇ ਸੜਕ ’ਤੇ ਰੌਲਾ ਪਾਉਣ ਲੱਗਾ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਿਆਪਕ ਰੂਪ ਨਾਲ ਪ੍ਰਸਾਰਿਤ ਹੋਈ। ਇਹ ਪਤਾ ਨਹੀਂ ਲੱਗਾ ਕਿ ਮੁੱਖ ਮੰਤਰੀ ਨੇ ਬਜ਼ੁਰਗ ਵਿਅਕਤੀ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾਂ ਨਹੀਂ। ਘਰ ਦੇ ਸਾਹਮਣੇ ਵਾਹਨ ਖੜ੍ਹਾ ਕਰਨ ਵਾਲਿਆਂ ਨੂੰ ਡਾਂਟਦੇ ਹੋਏ ਬਜ਼ੁਰਗ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪ੍ਰੇਸ਼ਾਨ ਹੈ ਪਰ ਕਿਸੇ ਨੇ ਕੁਝ ਨਹੀਂ ਕੀਤਾ।