ਢਹਿੰਦੀ ਕਾਂਗਰਸ ਨੂੰ ਖੜ੍ਹਾ ਕਰਨ ਵਾਲੀ ਸੋਨੀਆ ਗਾਂਧੀ ਦੇ ਲਈ ਅੱਗੇ ਕੀ
Friday, Feb 23, 2024 - 12:42 PM (IST)
ਨਵੀਂ ਦਿੱਲੀ- ਜਦੋਂ 14 ਮਾਰਚ 1998 ਨੂੰ ‘ਬਿਨਾਂ ਖੂਨ-ਖਰਾਬੇ ਤਖਤਾਪਲਟ’ ’ਚ ਤਤਕਾਲੀ ਕਾਂਗਰਸ ਪ੍ਰਧਾਨ ਸੀਤਾਰਾਮ ਕੇਸਰੀ ਨੂੰ ਬਾਹਰ ਕਰ ਕੇ ਸੋਨੀਆ ਗਾਂਧੀ ਨੂੰ ਨਾ ਚਾਹੁੰਦਿਆਂ ਕਾਂਗਰਸ ਪ੍ਰਧਾਨ ਚੁਣਿਆ ਗਿਆ ਤਾਂ ਉਦੋਂ ਸੋਨੀਆ ਦੀ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਧੜਿਆਂ ਵਿਚ ਵੰਡੀ ਪਾਰਟੀ ਨੂੰ ਕਿਵੇਂ ਮੁੜ ਸੁਰਜੀਤ ਅਤੇ ਇਕਜੁੱਟ ਕੀਤਾ ਜਾਵੇ।
ਉਨ੍ਹਾਂ ਦੇ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ 21 ਮਈ 1991 ਨੂੰ ਆਪਣੇ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਪਾਰਟੀ ’ਚ ਸ਼ਾਮਲ ਹੋਣ ਦੀ ਅਪੀਲ ਨੂੰ ਵਾਰ-ਵਾਰ ਠੁਕਰਾ ਦਿੱਤਾ ਸੀ। ਉਨ੍ਹਾਂ ਨੇ 1991 ’ਚ ਪ੍ਰਧਾਨ ਮੰਤਰੀ ਅਹੁਦੇ ਲਈ ਮਹਾਰਾਸ਼ਟਰ ਦੇ ਕੱਦਾਵਰ ਨੇਤਾ ਸ਼ਰਦ ਪਵਾਰ ਦੀ ਬਜਾਏ ਪੀ. ਵੀ. ਨਰਸਿਮ੍ਹਾ ਰਾਓ ਲਈ ਆਪਣਾ ਸਮਰਥਨ ਵਿਖਾਇਆ ਸੀ ਅਤੇ 1997 ’ਚ ਉਨ੍ਹਾਂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਸੀਤਾਰਾਮ ਕੇਸਰੀ ਨੂੰ ਚੁਣਿਆ ਸੀ। ਇਹ ਉਨ੍ਹਾਂ ਲਈ ਮੁਸ਼ਕਿਲ ਸਮਾਂ ਸੀ ਕਿਉਂਕਿ ਕਾਂਗਰਸ ਨੂੰ ਅੰਦਰੂਨੀ ਬਗਾਵਤ ਅਤੇ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਮਜ਼ਬੂਤ ਅਗਵਾਈ ’ਚ ਉੱਭਰਦੀ ਭਾਜਪਾ ਤੋਂ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦਾ ਵਿਦੇਸ਼ੀ ਮੂਲ ਦਾ ਠੱਪਾ ਵੀ ਇਕ ਵੱਡੀ ਰੁਕਾਵਟ ਸੀ।
ਫਿਰ ਸੋਨੀਆ ਦੀ ਵੱਡੀ ਪ੍ਰੀਖਿਆ ਉਦੋਂ ਹੋਈ ਜਦੋਂ ਕਾਂਗਰਸ ਦੇ ਉਪ-ਪ੍ਰਧਾਨ ਜਤਿੰਦਰ ਪ੍ਰਸਾਦ ਨੇ ਬਗਾਵਤ ਕਰ ਦਿੱਤੀ ਅਤੇ ਅਗਸਤ, 2000 ’ਚ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਸੋਨੀਆ ਗਾਂਧੀ ਦੇ ਖਿਲਾਫ ਚੋਣ ਲੜੀ। ਉਨ੍ਹਾਂ ਨੇ ਪਾਰਟੀ ਨੂੰ ਕਿਵੇਂ ਮੁੜ ਤੋਂ ਖੜ੍ਹਾ ਕੀਤਾ ਅਤੇ 6 ਸਾਲ ਦੇ ਛੋਟੇ ਜਿਹੇ ਅਰਸੇ ’ਚ 2004 ’ਚ ਡਾ. ਮਨਮੋਹਨ ਸਿੰਘ ਨੂੰ 10 ਸਾਲਾਂ ਦੀ ਲੰਮੀ ਮਿਆਦ ਲਈ ਪ੍ਰਧਾਨ ਮੰਤਰੀ ਦੇ ਰੂਪ ’ਚ ਸਥਾਪਿਤ ਕੀਤਾ, ਉਹ ਇਤਿਹਾਸ ਹੈ। ਉਨ੍ਹਾਂ ਨੇ ਸਨਮਾਨ ਹਾਸਲ ਕੀਤਾ ਅਤੇ ਉਨ੍ਹਾਂ ਦੇ ਜਨਤਕ ਆਚਰਣ ਦੀ ਵਿਆਪਕ ਸ਼ਲਾਘਾ ਕੀਤੀ ਗਈ।
ਉਨ੍ਹਾਂ ਨੇ ਮੁੱਖ ਤੌਰ ’ਤੇ ਆਪਣੇ 10-ਜਨਪਥ ਬੰਗਲੇ ਨੂੰ ਬਰਕਰਾਰ ਰੱਖਣ ਅਤੇ ਇਕ-ਇਕ ਇੱਟ ਲਾ ਕੇ ਢਹਿੰਦੀ ਕਾਂਗਰਸ ਨੂੰ ਚੁੱਪਚਾਪ ਦੇਖਣ ਲਈ ਰਾਜ ਸਭਾ ’ਚ ਜਾਣ ਦਾ ਬਦਲ ਚੁਣਿਆ ਹੈ। ਕੀ ਉਹ ਫਿਰ ਤੋਂ ਵਾਗਡੋਰ ਸੰਭਾਲਣਗੇ ਅਤੇ ਗਾਂਧੀ ਪਰਿਵਾਰ ਦੇ ਅੰਦਰ ਜਾਂ ਬਾਹਰੋਂ ਕਿਸੇ ਬਦਲਵੇਂ ਨੇਤਾ ਦੀ ਤਲਾਸ਼ ਕਰਨਗੇ ਜਾਂ ਆਪਣੇ ਲਾਡਲੇ ਬੇਟੇ ’ਤੇ ਭਰੋਸਾ ਬਣਾਈ ਰੱਖਣਗੇ, ਯਕੀਨੀ ਤੌਰ ’ਤੇ ਕੋਈ ਕਹਿ ਨਹੀਂ ਸਕਦਾ।