ਯੂਨੀਵਰਸਿਟੀਆਂ ''ਚ ਕੁਲਪਤੀਆਂ ਲਈ ਨਿਯੁਕਤੀ ''ਤੇ ਤੁਹਾਡਾ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਜੀ? : ਸਿੱਬਲ
Wednesday, May 17, 2023 - 01:18 PM (IST)

ਨਵੀਂ ਦਿੱਲੀ (ਭਾਸ਼ਾ)- ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਨੌਕਰੀਆਂ 'ਚ ਭਰਾ ਭਤੀਜਾਵਾਦ ਨੂੰ ਖ਼ਤਮ ਕਰਨ ਅਤੇ ਪਾਰਦਰਸ਼ਿਤਾ ਲਿਆਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਤੰਜ਼ ਕੱਸਿਆ ਅਤੇ ਕਿਹਾ ਕਿ ਯੂਨੀਵਰਸਿਟੀਆਂ 'ਚ ਰਾਸ਼ਟਰੀ ਸਵੈ-ਸੇਵਕ ਸੰਘ ਅਤੇ ਸੰਘ ਦੀ ਵਿਚਾਰਧਾਰਾ ਵਾਲੇ ਕੁਲਪਤੀਆਂ ਦੀਆਂ ਨਿਯੁਕਤੀਆਂ ਅਤੇ ਇਸੇ ਤਰ੍ਹਾਂ ਦੇ ਐਡਹਾਕ ਅਧਿਆਪਕ 'ਭਰਾ ਭਤੀਜਾਵਾਦ ਦੇ ਜਿਊਂਦੇ ਜਾਗਦੇ ਉਦਾਹਰਣ' ਹਨ। ਦਰਅਸਲ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ 'ਰੁਜ਼ਗਾਰ ਮੇਲੇ 'ਚ 71 ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਭਰਤੀ ਪ੍ਰਣਾਲੀ 'ਚ ਉਨ੍ਹਾਂ ਦੀ ਸਰਕਾਰ ਵਲੋਂ ਲਿਆਂਦੀਆਂ ਗਈਆਂ ਤਬਦੀਲੀਆਂ ਨੇ ਭ੍ਰਿਸ਼ਟਾਚਾਰ ਅਤੇ ਭਰਾ ਭਤੀਜਾਵਾਦ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕੀਤਾ ਹੈ।
ਇਸ 'ਤੇ ਤੰਜ਼ ਕੱਸਦੇ ਹੋਏ ਸਿੱਬਲ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ : ਭਰਤੀ ਪ੍ਰਣਾਲੀ 'ਚ ਤਬਦੀਲੀਆਂ ਤੋਂ ਭ੍ਰਿਸ਼ਟਾਚਾਰ ਅਤੇ ਭਰਾ ਭਤੀਜਾਵਾਦ ਖ਼ਤਮ ਹੋਇਆ ਹੈ। ਵਧਾਈ। ਪਰ ਯੂਨੀਵਰਸਿਟੀਆਂ 'ਚ ਰਾਸ਼ਟਰੀ ਸਵੈ-ਸੇਵਕ ਸੰਘ ਅਤੇ ਸੰਘ ਦੀ ਵਿਚਾਰਧਾਰਾ ਵਾਲੇ ਕੁਲਪਤੀਆਂ ਦੀਆਂ ਨਿਯੁਕਤੀਆਂ ਅਤੇ ਇਸੇ ਤਰ੍ਹਾਂ ਦੇ ਐਡਹਾਕ ਅਧਿਆਪਕ 'ਭਰਾ ਭਰਤੀਜਾਵਾਦ ਦੇ ਜਿਊਂਦੇ ਜਾਗਦੇ ਉਦਾਹਰਣ' ਹਨ। ਤੁਸੀਂ ਕੀ ਕਹਿੰਦੇ ਹੋ ਪ੍ਰਧਾਨ ਮੰਤਰੀ ਜੀ?'' ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ 'ਰੁਜ਼ਗਾਰ ਮੇਲੇ' ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ,''ਕੇਂਦਰ ਸਰਕਾਰ ਅਤੇ ਭਾਜਪਾ ਸ਼ਾਸਿਤ ਸੂਬਿਆਂ 'ਚ ਰੁਜ਼ਗਾਰ ਮੇਲੇ ਨੌਜਵਾਨਾਂ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਰਸਾਉਂਦੇ ਹਨ।'' ਸਿੱਬਲ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ 'ਚ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਸਾਲ ਮਈ 'ਚ ਕਾਂਗਰਸ ਛੱਡ ਦਿੱਤੀ ਸੀ ਅਤੇ ਉਨ੍ਹਾਂ ਨੂੰ ਆਜ਼ਾਦ ਮੈਂਬਰ ਵਜੋਂ ਰਾਜ ਸਭਾ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਹਾਲ ਹੀ 'ਚ ਅਨਿਆਂ ਖ਼ਿਲਾਫ਼ ਲੜਨ ਦੇ ਮਕਸਦ ਨਾਲ ਇਕ ਗੈਰ ਚੋਣਾਵੀ ਮੰਚ 'ਇਨਸਾਫ਼' ਦਾ ਗਠਨ ਕੀਤਾ ਹੈ।