ਪੱਛਮੀ ਬੰਗਾਲ : ਸਕੂਲ ਅਧਿਆਪਕਾ ਨੂੰ ਬੰਨ੍ਹ ਕੇ ਘੜੀਸਿਆ ਅਤੇ ਕੈਮਰੇ ''ਚ ਕੀਤਾ ਬੰਦ
Monday, Feb 03, 2020 - 05:58 PM (IST)

ਬਲੂਰਘਾਟ— ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ ਜ਼ਿਲੇ 'ਚ ਤ੍ਰਿਣਮੂਲ ਕਾਂਗਰਸ ਦੇ ਕਥਿਤ ਹਮਾਇਤੀਆਂ ਨੇ ਪਿੰਡ 'ਚ ਸੜਕ ਬਣਾਉਣ ਲਈ ਇਕ ਹਾਈ ਸਕੂਲ ਦੀ ਅਧਿਆਪਿਕਾ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਦੇ ਇਰਾਦੇ ਨਾਲ ਉਸ ਨੂੰ ਬੰਨ੍ਹ ਕੇ ਕੁਝ ਦੂਰੀ ਤੱਕ ਘੜੀਸਿਆ ਤੇ ਫਿਰ ਉਸ ਨਾਲ ਕੁੱਟਮਾਰ ਕੀਤੀ ਅਤੇ ਇਕ ਕਮਰੇ 'ਚ ਬੰਦ ਕਰ ਦਿੱਤਾ। ਪੁਲਸ ਨੇ ਸੋਮਵਾਰ ਦੱਸਿਆ ਕਿ ਘਟਨਾ ਦੋ ਦਿਨ ਪਹਿਲਾਂ ਪਿੰਡ ਨੰਦਨਪੁਰ 'ਚ ਵਾਪਰੀ। ਅਧਿਆਪਿਕਾ ਦੀ ਪਛਾਣ ਭਾਜਪਾ ਹਮਾਇਤੀ ਸਮ੍ਰਿਤੀਕਣ ਦਾਸ ਵਜੋਂ ਹੋਈ ਹੈ। ਪੰਚਾਇਤ ਦੇ ਮੈਂਬਰਾਂ ਨੇ ਅਧਿਆਪਕਾ ਦੀ ਮਾਂ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਕੁੱਟਿਆ। ਹਾਲੇ ਤੱਕ ਇਸ ਸਿਲਸਿਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਘਟਨਾ ਦੇ ਵੀਡੀਓ 'ਚ ਸਪੱਸ਼ਟ ਦਿੱਸ ਰਿਹਾ ਹੈ ਕਿ ਉਸ 'ਚ ਨੰਦਨਪੁਰ ਪੰਚਾਇਤ ਦੇ ਉੱਪ ਪ੍ਰਧਾਨ ਅਮਲ ਸਰਕਾਰ ਅਤੇ ਹੋਰ ਲੋਕ ਸ਼ਾਮਲ ਹਨ। ਘਟਨਾ ਦੀ ਵੀਡੀਓ 'ਚ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਪਿੰਡ ਦੀ ਪੰਚਾਇਤ ਦਾ ਉਪ ਪ੍ਰਧਾਨ ਇਸ ਘਟਨਾ 'ਚ ਸ਼ਾਮਲ ਹੈ। ਉਸ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਵੀਡੀਓ 'ਚ ਦਿੱਸ ਰਿਹਾ ਹੈ ਕਿ ਹਮਲਾਵਰਾਂ ਨੇ ਅਧਿਆਪਕਾ ਦੇ ਹੱਥ-ਪੈਰ ਬੰਨ੍ਹ ਦਿੱਤੇ, ਜਿਸ ਕਾਰਨ ਉਹ ਡਿੱਗ ਗਈ। ਉਨ੍ਹਾਂ ਨੇ ਅਧਿਆਪਕਾ ਨੂੰ ਕਰੀਬ 30 ਮਿੰਟ ਤੱਕ ਘੜੀਸਿਆ ਅਤੇ ਇਸ ਦੌਰਾਨ ਉਸ ਨੂੰ ਕੁੱਟਦੇ ਰਹੇ। ਫਿਰ ਹਮਲਾਵਰਾਂ ਨੇ ਉਸ ਨੂੰ ਇਕ ਵਰਕਰ ਦੇ ਮਕਾਨ 'ਚ ਬੰਦ ਕਰ ਦਿੱਤਾ। ਅਧਿਆਪਕਾ ਦੀ ਭੈਣ ਸੋਮਾ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਹਸਪਤਾਲ ਤੋਂ ਇਲਾਜ ਤੋਂ ਬਾਅਦ ਛੁੱਟੀ ਮਿਲਣ 'ਤੇ ਅਧਿਆਪਕਾ ਨੇ ਸਰਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ 4 ਸਮਰਥਕਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ,''ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਚਸ਼ਮਦੀਦਾਂ ਨਾਲ ਗੱਲ ਕਰ ਰਹੇ ਹਨ।''