ਪੱਛਮੀ ਬੰਗਾਲ ’ਚ ਵੋਟਾਂ ਦੀ ਗਿਣਤੀ ਦੌਰਾਨ ਮੁੜ ਝੜਪ, 3 ਦੀ ਮੌਤ

Thursday, Jul 13, 2023 - 12:59 PM (IST)

ਪੱਛਮੀ ਬੰਗਾਲ ’ਚ ਵੋਟਾਂ ਦੀ ਗਿਣਤੀ ਦੌਰਾਨ ਮੁੜ ਝੜਪ, 3 ਦੀ ਮੌਤ

ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ’ਚ ਗਿਣਤੀ ਕੇਂਦਰ ਦੇ ਬਾਹਰ ਹੋਈਆਂ ਝੜਪਾਂ ’ਚ ਆਈ. ਐੱਸ. ਐੱਫ. (ਭਾਰਤੀ ਸੈਕੂਲਰ ਫਰੰਟ) ਦੇ 2 ਸਮਰਥਕਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਬੰਗਾਲ ’ਚ ਤਿੰਨ ਪੱਧਰੀ ਪੰਚਾਇਤ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰ ਤੋਂ ਜਾਰੀ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਪਣੀ ਜਾਨ ਗੁਆਉਣ ਵਾਲੇ ਆਈ. ਐੱਸ. ਐੱਫ. ਸਮਰਥਕਾਂ ਦੀ ਪਛਾਣ ਰੇਜਾਉਲ ਗਾਜ਼ੀ ਅਤੇ ਹਸਨ ਮੋਲਾ ਵਜੋਂ ਹੋਈ ਹੈ। ਇਕ ਹੋਰ ਵਿਅਕਤੀ ਦੀ ਪਛਾਣ ਰਾਜੂ ਮੋਲਾ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਆਈ. ਐੱਸ. ਐੱਫ. ਸੰਗਠਨ ਦੇ ਮੈਂਬਰਾਂ ਨੇ ਕੋਲਕਾਤਾ ਤੋਂ ਲਗਭਗ 30 ਕਿਲੋਮੀਟਰ ਦੂਰ ਭੰਗੋਰ ਵਿਖੇ ਗਿਣਤੀ ਕੇਂਦਰ ਦੇ ਬਾਹਰ ਕਥਿਤ ਤੌਰ ’ਤੇ ਬੰਬ ਸੁੱਟੇ, ਜਿਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਭੀੜ ਨੂੰ ਖਿੰਡਾਉਣ ਲਈ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਉਨ੍ਹਾਂ ਕਿਹਾ ਕਿ ਇਕ ਸੀਨੀਅਰ ਆਈ. ਪੀ. ਐੱਸ. ਅਧਿਕਾਰੀ, ਉਨ੍ਹਾਂ ਦੇ ਅੰਗ ਰੱਖਿਅਕ ਅਤੇ ਕਈ ਹੋਰ ਪੁਲਸ ਕਰਮਚਾਰੀਆਂ ਅਤੇ ਨਾਲ ਹੀ ਆਈ. ਐੱਸ. ਐੱਫ. ਦੇ ਕੁਝ ਕਥਿਤ ਮੈਂਬਰ ਝੜਪ ’ਚ ਜ਼ਖਮੀ ਹੋ ਗਏ।

ਕੋਲਕਾਤਾ : ਪੱਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਹਿੰਸਾ ਨਾਲ ਪ੍ਰਭਾਵਿਤ ਪੰਚਾਇਤੀ ਚੋਣਾਂ ’ਚ ਹੁਣ ਤੱਕ 34,694 ਗ੍ਰਾਮ ਪੰਚਾਇਤ ਸੀਟਾਂ ਆਪਣੇ ਨਾਂ ਕਰ ਲਈਆਂ ਹਨ। ਰਾਜ ਚੋਣ ਕਮਿਸ਼ਨ (ਐੱਸ. ਈ. ਸੀ.) ਦੇ ਅਨੁਸਾਰ, ਤ੍ਰਿਣਮੂਲ ਕਾਂਗਰਸ ਨੇ 63,229 ਗ੍ਰਾਮ ਪੰਚਾਇਤ ਸੀਟਾਂ ’ਚੋਂ 34,694 ’ਤੇ ਜਿੱਤ ਦਰਜ ਕਰ ਲਈ ਹੈ ਜਦੋਂ ਕਿ ਹੋਰ 677 ’ਤੇ ਉਸ ਦੇ ਉਮੀਦਵਾਰ ਅੱਗੇ ਹਨ। ਭਾਜਪਾ ਨੂੰ 9,656 ਸੀਟਾਂ ’ਤੇ ਜਿੱਤ ਮਿਲ ਚੁੱਕੀ ਹੈ ਅਤੇ 166 ’ਤੇ ਉਸ ਦੇ ਉਮੀਦਵਾਰ ਅੱਗੇ ਹਨ। ਖੱਬੇ ਪੱਖੀਆਂ ਨੇ 2,926 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ 83 ਸੀਟਾਂ ’ਤੇ ਅੱਗੇ ਹੈ। ਕਾਂਗਰਸ ਵੀ 2,515 ਗ੍ਰਾਮ ਪੰਚਾਇਤ ਸੀਟਾਂ ’ਤੇ ਜਿੱਤ ਦਰਜ ਕਰ ਚੁੱਕੀ ਹੈ ਅਤੇ 71 ਹੋਰਾਂ ’ਤੇ ਅੱਗੇ ਹੈ।

ਤ੍ਰਿਣਮੂਲ ਕਾਂਗਰਸ ਨੇ ਪੰਚਾਇਤ ਸਮਿਤੀ ਦੀਆਂ ਕੁੱਲ 9,728 ਸੀਟਾਂ ’ਚੋਂ 6,335 ਆਪਣੇ ਨਾਂ ਕੀਤੀਆਂ, 214 ਸੀਟਾਂ ’ਤੇ ਅੱਗੇ ਹੈ। ਭਾਜਪਾ ਨੇ 973 ਸੀਟਾਂ ਜਿੱਤੀਆਂ ਅਤੇ 48 ’ਤੇ ਅੱਗੇ ਹੈ, ਜਦੋਂ ਕਿ ਸੀ. ਪੀ. ਆਈ. (ਐੱਮ) ਨੇ 173 ਸੀਟਾਂ ਜਿੱਤੀਆਂ ਅਤੇ 16 ਹੋਰ ਸੀਟਾਂ ’ਤੇ ਅੱਗੇ ਹੈ ਅਤੇ ਕਾਂਗਰਸ ਨੇ 258 ਸੀਟਾਂ ਜਿੱਤੀਆਂ ਹਨ ਅਤੇ ਉਸ ਦੇ ਉਮੀਦਵਾਰ 7 ’ਤੇ ਅੱਗੇ ਹਨ। ਤ੍ਰਿਣਮੂਲ ਕਾਂਗਰਸ ਨੇ ਜ਼ਿਲਾ ਪ੍ਰੀਸ਼ਦ ਦੀਆਂ ਕੁੱਲ 928 ਸੀਟਾਂ ’ਚੋਂ 635 ਆਪਣੇ ਨਾਂ ਕਰ ਲਈਆਂ ਹਨ ਅਤੇ ਬਾਕੀ 164 ਸੀਟਾਂ ’ਤੇ ਅੱਗੇ ਹੈ। ਭਾਜਪਾ ਨੇ 21 ਸੀਟਾਂ ਜਿੱਤੀਆਂ ਹਨ ਅਤੇ 6 ’ਤੇ ਅੱਗੇ ਹੈ। ਸੀ. ਪੀ. ਆਈ. (ਐੱਮ) ਨੇ 2 ਸੀਟਾਂ ਜਿੱਤੀਆਂ ਹਨ ਅਤੇ ਇਕ ਹੋਰ ’ਤੇ ਅੱਗੇ ਹੈ, ਜਦਕਿ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ ਅਤੇ ਉਸ ਦੇ ਉਮੀਦਵਾਰ 6 ’ਤੇ ਅੱਗੇ ਹਨ।


ਚੋਣ ਹਿੰਸਾ ’ਚ ਇੰਨੇ ਲੋਕਾਂ ਦੀ ਮੌਤ ਲੋਕਤੰਤਰ ਲਈ ਚੰਗੀ ਨਹੀਂ : ਰਵੀਸ਼ੰਕਰ

ਕੋਲਕਾਤਾ-ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਚੋਣਾਂ ਸੰਬੰਧੀ ਹਿੰਸਾ ’ਚ ਇੰਨੇ ਲੋਕਾਂ ਦੀ ਮੌਤ ਲੋਕਤੰਤਰ ਲਈ ਠੀਕ ਨਹੀਂ ਹੈ। ਪ੍ਰਸਾਦ ਪੱਛਮੀ ਬੰਗਾਲ ’ਚ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਭਾਜਪਾ ਵੱਲੋਂ ਗਠਿਤ 4 ਮੈਂਬਰੀ ਤੱਥ ਖੋਜ ਕਮੇਟੀ ਦੀ ਅਗਵਾਈ ਕਰ ਰਹੇ ਹਨ, ਜੋ ਇਸ ਸਮੇਂ ਬੰਗਾਲ ਦੇ ਦੌਰੇ ’ਤੇ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਕੋਲਕਾਤਾ ਤੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਉੱਤਰੀ ਪੇਂਡੂ ਬੰਗਾਲ ’ਚ ਜਾਵਾਂਗੇ। ਅਸੀਂ ਲੋਕ ਜ਼ਮੀਨੀ ਹਕੀਕਤ ਦਾ ਪਤਾ ਲਗਾਵਾਂਗੇ ਅਤੇ ਸ਼੍ਰੀ ਨੱਢਾ ਜੀ ਨੂੰ ਰਿਪੋਰਟ ਸੌਂਪਾਂਗੇ।

ਕਲਕੱਤਾ ਹਾਈਕੋਰਟ ਨੇ ਚੋਣਾਂ ਨੂੰ ਅਯੋਗ ਘੋਸ਼ਿਤ ਕਰਨ ਵਾਲੀਆਂ ਪਟੀਸ਼ਨਾਂ ਕੀਤੀਆਂ ਖਾਰਿਜ

ਕੋਲਕਾਤਾ : ਕਲਕੱਤਾ ਹਾਈ ਕੋਰਟ ਨੇ ਉਨ੍ਹਾਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ, ਜਿਸ ’ਚ ਮੰਗ ਕੀਤੀ ਗਈ ਸੀ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸੰਵਿਧਾਨ ਅਤੇ ਕਾਨੂੰਨ ਦੇ ਬੁਨਿਆਦੀ ਸਿਧਾਂਤਾਂ ਦੀ ਪਾਲਣਾ ਨਾ ਕਰਨ ਕਾਰਨ 2023 ਦੇ ਪੱਛਮੀ ਬੰਗਾਲ ਪੰਚਾਇਤ ਚੋਣਾਂ ਨੂੰ ਅਯੋਗ ਕਰਾਰ ਦਿੱਤਾ ਜਾਵੇ। ਅਦਾਲਤ ਨੇ ਰਾਜ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਪ੍ਰਾਰਥਨਾ ਨੂੰ ਵੀ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਅਜਿਹੀ ਪ੍ਰਾਰਥਨਾ ਸਵੀਕਾਰ ਨਹੀਂ ਹੈ ਕਿਉਂਕਿ ਇਹ ਇਕ ਸੁਤੰਤਰ ਸੰਵਿਧਾਨਕ ਸੰਸਥਾ ਹੈ।


author

Rakesh

Content Editor

Related News