ਜਦੋਂ ਆਪਣੀ ਮਾਲਕਣ ਨੂੰ ਬਚਾਉਣ ਲਈ ਤੇਂਦੁਏ ਨਾਲ ਭਿੜ ਗਿਆ 4 ਸਾਲ ਦਾ ''ਟਾਈਗਰ''

Saturday, Aug 17, 2019 - 10:48 AM (IST)

ਜਦੋਂ ਆਪਣੀ ਮਾਲਕਣ ਨੂੰ ਬਚਾਉਣ ਲਈ ਤੇਂਦੁਏ ਨਾਲ ਭਿੜ ਗਿਆ 4 ਸਾਲ ਦਾ ''ਟਾਈਗਰ''

ਦਾਰਜੀਲਿੰਗ— ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਆਪਣੀ ਮਾਲਕਣ ਦੀ ਜਾਨ ਬਚਾਉਣ ਲਈ 4 ਸਾਲ ਦਾ ਇਕ ਕੁੱਤਾ ਖੁਦ ਦੀ ਜਾਨ 'ਤੇ ਖੇਡ ਗਿਆ। ਤੇਂਦੁਏ ਨਾਲ ਘਿਰੀ ਮਾਲਕਣ ਨੂੰ ਦੇਖ ਕੇ ਟਾਈਗਰ (ਕੁੱਤੇ ਦਾ ਨਾਂ) ਨੇ ਨਾ ਸਿਰਫ਼ ਤੇਜ਼ ਆਵਾਜ਼ 'ਚ ਭੌਂਕਣਾ ਸ਼ੁਰੂ ਕੀਤਾ ਸਗੋਂ ਬਿਨਾਂ ਡਰੇ ਤੇਂਦੁਏ 'ਤੇ ਹਮਲਾ ਵੀ ਬੋਲ ਦਿੱਤਾ। ਟਾਈਗਰ ਦੀ ਬਹਾਦਰੀ ਕਾਰਨ 58 ਸਾਲਾ ਅਰੁਣਾ ਲਾਮਾ ਦੀ ਜ਼ਿੰਦਗੀ ਬਚ ਗਈ। ਜਾਣਕਾਰੀ ਅਨੁਸਾਰ ਸੋਨਾਦਾ ਵਾਸੀ ਅਰੁਣਾ ਲਾਮਾ ਨੂੰ ਘਰ ਦੇ ਸਟੋਰ ਰੂਮ 'ਚ ਕੋਈ ਆਵਾਜ਼ ਸੁਣਾਈ ਦਿੱਤੀ। ਉੱਥੇ ਜਿਉਂਦੇ ਮੁਰਗੇ ਰੱਖੇ ਹੋਏ ਸਨ। ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਉਨ੍ਹਾਂ ਦੇ ਹੋਸ਼ ਉੱਡ ਗਏ। ਉੱਥੇ ਤੇਂਦੁਆ ਬੈਠਾ ਹੋਇਆ ਸੀ। ਘਬਰਾਹਟ 'ਚ ਉਨ੍ਹਾਂ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਤੇਂਦੁਏ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।PunjabKesariਟਾਈਗਰ ਦੀ ਬਹਾਦਰੀ ਅੱਗੇ ਤੇਂਦੁਏ ਨੇ ਮੰਨੀ ਹਾਰ
ਤੇਂਦੁਏ ਤੋਂ ਖੁਦ ਨੂੰ ਬਚਾਉਣ ਲਈ ਜਦੋਂ ਅਰੁਣਾ ਸੰਘਰਸ਼ ਕਰ ਰਹੀ ਸੀ, ਟਾਈਗਰ ਉਨ੍ਹਾਂ ਦੀ ਮਦਦ ਲਈ ਆ ਗਿਆ। ਤੇਜ਼ ਆਵਾਜ਼ 'ਚ ਭੌਂਕਦੇ ਹੋਏ ਟਾਈਗਰ ਅਰੁਣਾ ਅਤੇ ਤੇਂਦੁਏ ਦਰਮਿਆਨ ਮਜ਼ਬੂਤ ਕੰਧ ਦੀ ਤਰ੍ਹਾਂ ਖੜ੍ਹਾ ਹੋ ਗਿਆ। ਉਹ ਲਗਾਤਾਰ ਤੇਜ਼ ਆਵਾਜ਼ 'ਚ ਭੌਂਕਦਾ ਰਿਹਾ। ਟਾਈਗਰ ਦੀ ਬਹਾਦਰੀ ਅੱਗੇ ਤੇਂਦੁਏ ਨੇ ਵੀ ਹਾਰ ਮੰਨ ਲਈ ਅਤੇ ਉਹ ਉੱਥੋਂ ਦੌੜ ਗਿਆ। ਸਟੋਰ ਰੂਮ 'ਚ ਇਸ ਸੰਘਰਸ਼ ਦੌਰਾਨ ਅਰੁਣਾ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਪਰ ਉਨ੍ਹਾਂ ਦੀ ਜ਼ਿੰਦਗੀ ਬਚ ਗਈ ਅਤੇ ਉਹ ਇਸ ਲਈ ਟਾਈਗਰ ਦੀ ਧੰਨਵਾਦੀ ਵੀ ਹੈ।

ਅਰੁਣਾ ਦੀ ਬੇਟੀ ਨੇ ਕਿਹਾ ਟਾਈਗਰ ਨੇ ਕੀਤਾ ਪੁਰਾਣਾ ਕਰਜ਼ ਅਦਾ
ਅਰੁਣਾ ਦੀ ਬੇਟੀ ਸਮਰਿਤੀ ਨੇ ਦੱਸਿਆ,''ਤੇਂਦੁਏ ਨਾਲ ਬਹਾਦਰੀ ਨਾਲ ਲੜਦੇ ਹੋਏ ਟਾਈਗਰ ਨੇ ਮੇਰੀ ਮਾਂ ਦੀ ਜ਼ਿੰਦਗੀ ਬਚਾ ਲਈ। ਜੇਕਰ ਉਹ ਸਹੀ ਸਮੇਂ 'ਤੇ ਅਜਿਹਾ ਨਹੀਂ ਕਰਦਾ ਤਾਂ ਪਤਾ ਨਹੀਂ ਅੱਜ ਕੀ ਹੋ ਜਾਂਦਾ।'' ਦੂਜੇ ਪਾਸੇ ਹਸਪਤਾਲ 'ਚ ਇਲਾਜ ਕਰਵਾ ਰਹੀ ਅਰੁਣਾ ਨੇ ਕਿਹਾ,''ਅੱਜ ਉਸ ਨੇ (ਟਾਈਗਰ) ਇਕ ਪੁਰਾਣਾ ਕਰਜ਼ ਅਦਾ ਕੀਤਾ ਹੈ।''

2017 'ਚ ਮਿਲਿਆ ਸੀ ਟਾਈਗਰ
ਉਨ੍ਹਾਂ ਦੀ ਬੇਟੀ ਸਮਰਿਤੀ ਨੇ ਦੱਸਿਆ,''ਦਰਅਸਲ 2017 'ਚ ਰਾਜ 'ਚ ਇਕ ਵੱਡੇ ਅੰਦੋਲਨ ਦੌਰਾਨ ਸੜਕ 'ਤੇ ਅਸੀਂ ਟਾਈਗਰ (ਕੁੱਤੇ ਨੂੰ) ਨੂੰ ਭੁੱਖਾ ਦੇਖਿਆ ਸੀ। ਉਸ ਸਮੇਂ ਅੰਦੋਲਨ ਕਾਰਨ ਪਹਾੜੀਆਂ 'ਤੇ ਕਰੀਬ 104 ਦਿਨ ਦਾ ਬੰਦ ਸੀ ਅਤੇ ਭੋਜਨ ਦੀ ਕਮੀ ਸੀ। ਇਸ ਦੇ ਬਾਵਜੂਦ ਅਸੀਂ ਉਸ ਲਈ ਲਗਾਤਾਰ ਭੋਜਨ ਦੀ ਵਿਵਸਥਾ ਕਰਦੇ ਰਹੇ। ਖਾਣਾ ਦੇਣ ਤੋਂ ਬਾਅਦ ਅਸੀਂ ਚਾਹੁੰਦੇ ਸੀ ਕਿ ਉਹ ਆਪਣੇ ਅਸਲੀ ਮਾਲਕ ਕੋਲ ਜਾਵੇ ਪਰ ਉਹ ਕੁਝ ਦੇਰ 'ਚ ਹੀ ਮੁੜ ਸਾਡੇ ਕੋਲ ਵਾਪਸ ਆਉਂਦਾ। ਇਸ ਤੋਂ ਬਾਅਦ ਉਹ ਸਾਡੇ ਪਰਿਵਾਰ ਦਾ ਹਿੱਸਾ ਬਣ ਗਿਆ।'' ਉਨ੍ਹਾਂ ਨੇ ਕਿਹਾ,''ਜੇਕਰ ਅਸੀਂ (ਟਾਈਗਰ ਅਤੇ ਅਰੁਣਾ ਦਾ ਪਰਿਵਾਰ) ਨਹੀਂ ਮਿਲਦੇ ਤਾਂ ਸ਼ਾਇਦ ਮੈਂ ਇਸ ਕਹਾਣੀ ਨੂੰ ਦੱਸਣ ਲਈ ਜਿਉਂਦੀ ਨਹੀਂ ਹੁੰਦੀ।''


author

DIsha

Content Editor

Related News