ਮਮਤਾ ਬੈਨਰਜੀ ''ਤੇ ਹਮਲੇ ਦੇ ਨਹੀਂ ਮਿਲੇ ਸਬੂਤ, ਵਿਸ਼ੇਸ਼ ਦਰਸ਼ਕਾਂ ਨੇ ਚੋਣ ਕਮਿਸ਼ਨ ਨੂੰ ਸੌਂਪੀ ਰਿਪੋਰਟ

Sunday, Mar 14, 2021 - 10:10 AM (IST)

ਮਮਤਾ ਬੈਨਰਜੀ ''ਤੇ ਹਮਲੇ ਦੇ ਨਹੀਂ ਮਿਲੇ ਸਬੂਤ, ਵਿਸ਼ੇਸ਼ ਦਰਸ਼ਕਾਂ ਨੇ ਚੋਣ ਕਮਿਸ਼ਨ ਨੂੰ ਸੌਂਪੀ ਰਿਪੋਰਟ

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਪਿਛਲੇ ਦਿਨੀਂ ਨੰਦੀਗ੍ਰਾਮ ’ਚ ਜ਼ਖਮੀ ਹੋਣ ਦੀ ਘਟਨਾ ਨੂੰ ਲੈ ਕੇ ਵਿਸ਼ੇਸ਼ ਦਰਸ਼ਕਾਂ ਦੀ ਟੀਮ ਨੇ ਸ਼ਨੀਵਾਰ ਸ਼ਾਮ ਨੂੰ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਮਤਾ ਬੈਨਰਜੀ ਨਾਲ ਵਾਪਰੀ ਘਟਨਾ ਇਕ ਹਾਦਸਾ ਸੀ। ਹਮਲੇ ਦੇ ਕੋਈ ਸਬੂਤ ਨਹੀਂ ਮਿਲੇ। ਵਿਸ਼ੇਸ਼ ਦਰਸ਼ਕਾਂ ਵਿਵੇਕ ਦੂਬੇ ਅਤੇ ਅਜੇ ਨਾਇਕ ਨੇ ਰਿਪੋਰਟ ਪੇਸ਼ ਕਰ ਕੇ ਦੱਸਿਆ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਵਿਖੇ ਇਕ ਹਾਦਸੇ ਦੌਰਾਨ ਜ਼ਖਮੀ ਹੋਈ। 

ਇਹ ਵੀ ਪੜ੍ਹੋ : ਹਮਲੇ ਅਤੇ ਸੱਟਾਂ ਤੋਂ ਮਮਤਾ ਨੂੰ ਮਿਲੇਗਾ ਸਿਆਸੀ ਫ਼ਾਇਦਾ! ਜਾਣੋ ਪਹਿਲੀਆਂ ਚੋਣਾਂ 'ਚ ਕੀ ਰਹੀ ਸਥਿਤੀ

ਮੁੱਖ ਮੰਤਰੀ ਕੋਲ ਢੁਕਵੀਂ ਸੁਰੱਖਿਆ ਸੀ
ਉਨ੍ਹਾਂ ਕਿਹਾ ਕਿ ਉਸ ਸਮੇਂ ਮੁੱਖ ਮੰਤਰੀ ਕੋਲ ਢੁਕਵੀਂ ਸੁਰੱਖਿਆ ਸੀ ਅਤੇ ਉਹ ਸੁਰੱਖਿਆ ਮੁਲਾਜ਼ਮਾਂ ਨਾਲ ਘਿਰੀ ਹੋਈ ਸੀ। ਵਿਵੇਕ ਦੂਬੇ ਤੇ ਅਜੇ ਨਾਇਕ ਨੇ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪਣ ਤੋਂ ਪਹਿਲਾਂ ਨੰਦੀਗ੍ਰਾਮ ਵਿਖੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਸੀ।

ਇਹ ਵੀ ਪੜ੍ਹੋ : ਬੰਗਾਲ ਚੋਣ ਰਣ: ਇਸ ਵਾਰ ‘ਹਵਾਈ ਚੱਪਲ’ ਪਹਿਨ ਕੇ ਚੋਣ ਪ੍ਰਚਾਰ ਨਹੀਂ ਕਰ ਸਕੇਗੀ ਮਮਤਾ ਬੈਨਰਜੀ

ਕਮਿਸ਼ਨ ਨੇ ਮੁੱਖ ਸਕੱਤਰ ਦੀ ਰਿਪੋਰਟ ਨੂੰ ਅਧੂਰਾ ਦੱਸਿਆ ਸੀ
ਚੋਣ ਕਮਿਸ਼ਨ ਨੂੰ ਬੰਗਾਲ ਦੇ ਮੁੱਖ ਸਕੱਤਰ ਅਲਾਪਨ ਬੰਦੋਪਾਧਿਆਏ ਨੇ ਸਰਕਾਰ ਵਲੋਂ ਰਿਪੋਰਟ ਸੌਂਪੀ ਸੀ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੰਗਾਲ ਸਰਕਾਰ ਵਲੋਂ ਸੌਂਪੀ ਗਈ ਰਿਪੋਰਟ ਅਧੂਰੀ ਹੈ। ਇਸ ਵਿਚ ਘਟਨਾ ਬਾਰੇ ਵਿਸਥਾਰ ਨਾਲ ਜ਼ਿਕਰ ਨਹੀਂ। ਇਸ ਵਿਚ ਇਹ ਨਹੀਂ ਦੱਸਿਆ ਕਿ ਘਟਨਾ ਕਿਸ ਤਰ੍ਹਾਂ ਹੋਈ ਅਤੇ ਇਸ ਦੇ ਪਿੱਛੇ ਕੌਣ ਹੋ ਸਕਦਾ ਹੈ। ਸ਼ੁੱਕਰਵਾਰ ਰਾਤ ਨੂੰ ਮਿਲੀ ਰਿਪੋਰਟ ਵਿਚ ਮੌਕੇ ’ਤੇ ਭੀੜ ਦੇ ਹੋਣ ਦੀ ਗੱਲ ਕਹੀ ਗਈ ਪਰ ਉਨ੍ਹਾਂ 4-5 ਵਿਅਕਤੀਆਂ ਦਾ ਕੋਈ ਜ਼ਿਕਰ ਨਹੀਂ ਜਿਨ੍ਹਾਂ ’ਤੇ ਮਮਤਾ ਬੈਨਰਜੀ ਨੇ ਕਥਿਤ ਹਮਲੇ ਦਾ ਦੋਸ਼ ਲਾਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨੰਦੀਗ੍ਰਾਮ ’ਚ ਬੁੱਧਵਾਰ ਮਮਤਾ ’ਤੇ ਹੋਏ ਹਮਲੇ ਦੀ ਸਪਸ਼ਟ ਵੀਡੀਓ ਫੁਟੇਜ ਨਹੀਂ ਹੈ। ਇਸ ਪਿੱਛੋਂ ਮੁੱਖ ਸਕੱਤਰ ਨੂੰ ਪੂਰੀ ਰਿਪੋਰਟ ਦੇਣ ਲਈ ਕਿਹਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ


author

DIsha

Content Editor

Related News