ਰਾਮਨੌਮੀ ’ਤੇ ਹਿੰਸਾ : ਗ੍ਰਹਿ ਮੰਤਰਾਲਾ ਨੇ ਮਮਤਾ ਸਰਕਾਰ ਤੋਂ ਮੰਗੀ ਰਿਪੋਰਟ
Wednesday, Apr 05, 2023 - 01:56 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ਦੇ ਹਾਵੜਾ ਜ਼ਿਲੇ ’ਚ ਰਾਮ ਨੌਮੀ ਦੌਰਾਨ ਹੋਈ ਹਿੰਸਾ ’ਤੇ ਸੂਬੇ ’ਚ ਮਮਤਾ ਬੈਨਰਜੀ ਦੀ ਸਰਕਾਰ ਤੋਂ ਮੰਗਲਵਾਰ ਨੂੰ ਇਕ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨਾਲ ਗੱਲ ਕਰਨ ਤੇ ਸੂਬੇ ਖਾਸ ਤੌਰ ’ਤੇ ਹਾਵੜਾ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਕੁਝ ਦਿਨਾਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਉੱਧਰ ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਹੁਗਲੀ ਜ਼ਿਲੇ ਦੇ ਰਿਸੜਾ ਵਿਖੇ ਹਿੰਸਾ ਦੀ ਤਾਜ਼ਾ ਘਟਨਾ ਬਾਰੇ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਵੱਲੋਂ ਇਸ ਮਾਮਲੇ ਦਾ ਡਿਵੀਜ਼ਨ ਬੈਂਚ ਅੱਗੇ ਜ਼ਿਕਰ ਕੀਤੇ ਜਾਣ ਤੋਂ ਬਾਅਦ ਉਕਤ ਨਿਰਦੇਸ਼ ਦਿੱਤਾ ਗਿਆ। ਅਦਾਲਤ ਨੇ ਰਾਜ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਧਿਕਾਰੀ ਨੂੰ ਇਸ ਘਟਨਾ ’ਤੇ ਪੂਰਕ ਚਾਰਜਸ਼ੀਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਐਤਵਾਰ ਰਾਤ ਰਿਸੜਾ ’ਚ ਰਾਮਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿੱਚ ਝੜਪ ਹੋ ਗਈ ਸੀ।
ਇਸ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ’ਚ ਅਸ਼ਾਂਤੀ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇੱਕ ਦਿਨ ਪਹਿਲਾਂ ਅਦਾਲਤ ਨੇ ਰਾਜ ਸਰਕਾਰ ਨੂੰ ਹਾਵੜਾ ਸ਼ਹਿਰ ਦੇ ਸ਼ਿਬਪੁਰ ਵਿੱਚ ਹਿੰਸਾ ਦੀਆਂ ਘਟਨਾਵਾਂ ਅਤੇ ਪ੍ਰਭਾਵਿਤ ਖੇਤਰ ਵਿੱਚ ਸ਼ਾਂਤੀ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ 5 ਅਪ੍ਰੈਲ ਤੱਕ ਵਿਸਤ੍ਰਿਤ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਰਾਜ ਸਰਕਾਰ ਨੂੰ ਹਿੰਸਾ ਦੀਆਂ ਘਟਨਾਵਾਂ ਨਾਲ ਸਬੰਧਤ ਸੀ. ਸੀ. ਟੀ. ਵੀ. ਅਤੇ ਵੀਡੀਓ ਫੁਟੇਜ ਪੇਸ਼ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ।
ਹਿੰਸਾ ਪਿੱਛੇ ਭਾਜਪਾ ਦਾ ਹੱਥ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਕਿਹਾ ਕਿ ਉਹ ਦੰਗਾਕਾਰੀਆਂ ਨੂੰ ਭੱਜਣ ਨਹੀਂ ਦੇਵੇਗੀ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੂਰਬੀ ਮੇਦਿਨੀਪੁਰ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ਰਾਮਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕਾ ਕੇ ਭਗਵਾਨ ਰਾਮ ਦੇ ਨਾਂ ਨੂੰ ਬਦਨਾਮ ਕੀਤਾ ਹੈ।
ਮਮਤਾ ਨੇ ਕਿਹਾ ਕਿ ਹੁਗਲੀ ਅਤੇ ਹਾਵੜਾ ’ਚ ਹਿੰਸਾ ਪਿੱਛੇ ਭਾਜਪਾ ਦਾ ਹੱਥ ਹੈ। ਭਾਜਪਾ ਵਾਲੇ ਬੰਗਾਲ ਵਿੱਚ ਹਿੰਸਾ ਨੂੰ ਅੰਜਾਮ ਦੇਣ ਲਈ ਦੂਜੇ ਰਾਜਾਂ ਤੋਂ ਸ਼ਰਾਰਤੀ ਅਨਸਰ ਲੈ ਕੇ ਆਏ ਹਨ, ਜੋ ਸਾਡੇ ਸੱਭਿਆਚਾਰ ਵਿੱਚ ਨਹੀਂ ਹੈ। ਦੰਗਾਕਾਰੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਸਿਰਫ਼ ਸਿਆਸੀ ਗੁੰਡੇ ਹੁੰਦੇ ਹਨ। ਇਸ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਡਾ. ਸੀ.ਵੀ. ਆਨੰਦ ਬੋਸ ਹੁਗਲੀ ਜ਼ਿਲੇ ਦੇ ਰਿਸੜਾ ਅਤੇ ਸ਼੍ਰੀਰਾਮਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।