ਪੱਛਮੀ ਬੰਗਾਲ ਚੋਣਾਂ: ਜਾਣੋ ਭਾਜਪਾ ਨੂੰ ਕਿਸਦਾ ਸਹਾਰਾ, ਮਮਤਾ ਬੈਨਰਜੀ ਨੂੰ ਕਿਉਂ ਹੈ ਅਤਿ-ਵਿਸ਼ਵਾਸ

Saturday, Mar 06, 2021 - 06:08 PM (IST)

ਪੱਛਮੀ ਬੰਗਾਲ ਚੋਣਾਂ: ਜਾਣੋ ਭਾਜਪਾ ਨੂੰ ਕਿਸਦਾ ਸਹਾਰਾ, ਮਮਤਾ ਬੈਨਰਜੀ ਨੂੰ ਕਿਉਂ ਹੈ ਅਤਿ-ਵਿਸ਼ਵਾਸ

ਸੰਜੀਵ ਪਾਂਡੇ

4 ਸੂਬਿਆਂ ਅਤੇ 1 ਕੇਂਦਰ ਸ਼ਾਸ਼ਤ ਪ੍ਰਦੇਸ਼ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਭਾਜਪਾ ਕਿਸ ਆਧਾਰ 'ਤੇ ਸੱਤਾ ਹਾਸਿਲ ਕਰਨ ਦਾ ਦਾਅਵਾ ਕਰ ਰਹੀ ਹੈ।2019 ਵਿੱਚ ਫਿਰ ਤੋਂ ਦਿੱਲੀ ਦੀ ਗੱਦੀ 'ਤੇ ਕਾਬਜ਼ ਹੋਣ ਵਾਲੇ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਵਿੱਚ ਦੇਸ਼ ਦੀ ਆਰਥਿਕ ਸਥਿਤੀ ਕਾਫ਼ੀ ਖ਼ਰਾਬ ਹੈ।ਬੇਰੁਜ਼ਗਾਰੀ ਵੱਡੇ ਪੈਮਾਨੇ 'ਤੇ ਵੱਧ ਰਹੀ ਹੈ।ਆਰਥਿਕ ਮੋਰਚੇ 'ਤੇ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਕਿਸਾਨ ਸਰਕਾਰ ਖ਼ਿਲਾਫ਼ ਮੋਰਚਾ ਲਾਈ ਬੈਠੇ ਹਨ । ਸਰਕਾਰ 'ਤੇ ਕੁੱਝ ਵੱਡੇ ਵਪਾਰਿਕ ਘਰਾਣਿਆਂ ਦੇ ਹੱਥਾਂ ਵਿੱਚ ਖੇਡਣ ਦਾ ਇਲਜ਼ਾਮ ਹੈ।ਇਸ ਦੇ ਬਾਵਜੂਦ ਪੱਛਮ ਬੰਗਾਲ ਵਿੱਚ ਚੋਣਾਂ ਨੂੰ ਲੈ ਕੇ ਭਾਜਪਾ ਦਾ ਆਤਮ-ਵਿਸ਼ਵਾਸ ਕਮਾਲ ਦਾ ਹੈ। ਤ੍ਰਿਣਮੂਲ ਕਾਂਗਰਸ ਦੇ ਕੁਝ ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ,  ਭਾਜਪਾ ਦਾ ਆਤਮ-ਵਿਸ਼ਵਾਸ ਹੋਰ ਵਧਿਆ ਹੈ।ਹਾਲਾਂਕਿ ਅਹਿਮ ਸਵਾਲ ਇਹ ਵੀ ਹੈ ਕਿ ਟੀ.ਐਮ.ਸੀ. ਛੱਡ ਕੇ ਭਾਜਪਾ ਵਿੱਚ ਜਾਣ ਵਾਲੇ ਨੇਤਾ ਕੀ ਮਮਤਾ ਬੈਨਰਜੀ ਦੇ ਕੋਟੇ ਵਾਲੇ ਵੋਟ ਨੂੰ ਭਾਜਪਾ ਵਿੱਚ ਤਬਦੀਲ ਕਰ ਸਕਣ ਵਿੱਚ ਸਫ਼ਲ ਹੋਣਗੇ? ਇੱਕ ਹੋਰ ਕੌੜੀ ਸਚਾਈ ਹੈ, ਵਿਕਾਸ। ਅੱਛੇ ਦਿਨਾਂ ਦੇ ਨਾਂ 'ਤੇ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਵੋਟ ਨਹੀਂ ਮਿਲੇਗੀ। ਇਸ ਸਚਾਈ ਨੂੰ ਭਾਜਪਾ ਦੇ ਨੇਤਾ ਵੀ ਜਾਣਦੇ ਹਨ ਪਰ ਭਾਜਪਾ ਦੇ  ਆਗੂਆਂ ਨੂੰ ਆਪਣੇ ਪ੍ਰਬੰਧਨ 'ਤੇ ਪੂਰਾ ਭਰੋਸਾ ਹੈ।

ਬੰਗਾਲ ਵਿੱਚ ਭਾਜਪਾ ਦੇ ਅਤਿ-ਵਿਸ਼ਵਾਸ ਦਾ ਕਾਰਨ
ਪੱਛਮ ਬੰਗਾਲ ਵਿੱਚ ਭਾਜਪਾ ਦੇ ਅਤਿ ਵਿਸ਼ਵਾਸ ਦੇ ਕਈ ਕਾਰਨ ਹਨ।ਲੰਘੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਵੱਡੀ ਜਿੱਤ ਮਿਲੀ ਸੀ। ਸੂਬੇ ਅੰਦਰ ਹਿੰਦੂ-ਮੁਸਲਮਾਨ ਵੰਡ ਨੇ ਭਾਜਪਾ ਦਾ ਵੋਟ ਗ੍ਰਾਫ਼ ਇੱਕ ਦਮ ਵਧਾ ਦਿੱਤਾ ਸੀ।ਇਹੀ ਉਮੀਦ ਇਸ ਵਾਰ ਵੀ ਭਾਜਪਾ ਨੂੰ ਹੌਂਸਲਾ ਦੇ ਰਹੀ ਹੈ।ਭਾਜਪਾ ਨੂੰ ਤ੍ਰਿਣਮੂਲ ਕਾਂਗਰਸ ਤੋਂ ਟੁੱਟ ਕੇ ਆਏ ਆਗੂਆਂ 'ਤੇ ਵੀ ਭਰੋਸਾ ਹੈ।ਉੱਥੇ ਹੀ ਨਾਗਰਿਕਤਾ ਸੋਧ ਕਾਨੂੰਨ ਨੇ ਵੀ ਭਾਜਪਾ ਦਾ ਆਤਮ-ਵਿਸ਼ਵਾਸ ਵਧਾਇਆ ਹੈ।ਭਾਜਪਾ ਨੂੰ ਲੱਗਦਾ ਹੈ ਕਿ ਇਸ ਕਾਰਨ ਪੱਛਮੀ ਬੰਗਾਲ ਦਾ ਮਜ਼ਬੂਤ ਮਤੂਆ ਸਮੁਦਾਇ ਉਸ ਨੂੰ ਵੋਟ ਪਾਵੇਗਾ।ਇਹ ਤੈਅ ਹੈ ਕਿ ਭਾਜਪਾ ਨੂੰ ਨਰਿੰਦਰ ਮੋਦੀ ਦੇ ਵਿਕਾਸ ਅਤੇ ਨਿਊ ਇੰਡੀਆ 'ਤੇ ਕੋਈ ਭਰੋਸਾ ਨਹੀਂ ਹੈ ਕਿਉਂਕਿ ਲੋਕ ਇਨ੍ਹਾਂ ਨਾਅਰਿਆਂ ਦੀ ਅਸਲੀਅਤ ਜਾਣ ਚੁੱਕੇ ਹਨ।ਪੱਛਮੀ ਬੰਗਾਲ ਵਿੱਚ ਭਾਜਪਾ ਪੂਰੀ ਤਰ੍ਹਾਂ ਨਾਲ ਧਾਰਮਿਕ ਅਤੇ ਜਾਤੀ ਵੰਡ ਦੇ ਆਧਾਰ 'ਤੇ ਚੋਣ ਲੜੇਗੀ।ਠੀਕ ਉਵੇਂ ਜਿਵੇਂ ਦਿੱਲੀ ਅਤੇ ਝਾਰਖੰਡ ਚੋਣਾਂ ਲੜੀਆਂ ਸਨ।

ਇਹ ਵੀ ਪੜ੍ਹੋ:ਜਾਣੋ ਕੀ ਹੈ ਸਵਾਮੀਨਾਥਨ ਰਿਪੋਰਟ, ਕਿਸਾਨ ਕਿਉਂ ਕਰ ਰਹੇ ਨੇ ਕਮਿਸ਼ਨ ਦੀਆਂ ਤਜਵੀਜ਼ਾਂ ਲਾਗੂ ਕਰਨ ਦੀ ਮੰਗ

ਭਾਜਪਾ ਦੀ ਜਿੱਤ-ਹਾਰ ਦੇ ਮਾਇਨੇ
2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਲੋਕ ਸਭਾ ਦੀਆਂ 18 ਸੀਟਾਂ 'ਤੇ ਜਿੱਤ ਮਿਲੀ ਸੀ।ਭਾਜਪਾ ਨੂੰ ਇਸ ਲੋਕ ਸਭਾ ਚੋਣਾਂ ਵਿੱਚ 128 ਵਿਧਾਨ ਸਭਾ ਸੀਟਾਂ 'ਤੇ ਬੜਤ ਮਿਲੀ ਸੀ। 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਹ ਸਫ਼ਲਤਾ ਵੱਡੀ ਸੀ। 2014 ਵਿੱਚ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਸਿਰਫ਼ 28 ਵਿਧਾਨ ਸਭਾ ਸੀਟਾਂ 'ਤੇ ਬੜਤ ਮਿਲੀ ਸੀ। ਵੈਸੇ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਪੱਛਮੀ ਬੰਗਾਲ ਦੀ ਪ੍ਰਕਿਰਤੀ ਦੇ ਉਲਟ ਸਨ।ਪੱਛਮੀ ਬੰਗਾਲ ਵਿੱਚ ਭਾਜਪਾ ਦੀ ਇੰਨੀ ਵੱਡੀ ਜਿੱਤ ਹੈਰਾਨੀਜਨਕ ਸੀ।ਪਹਿਲੀ ਵਾਰ ਪੱਛਮੀ ਬੰਗਾਲ ਵਿੱਚ ਹਿੰਦੂਵਾਦ ਦਾ ਉਭਾਰ ਵੇਖਣ ਨੂੰ ਮਿਲਿਆ ਸੀ।ਆਮ ਤੌਰ 'ਤੇ ਵਿਅਕਤੀਗਤ ਜੀਵਨ ਵਿੱਚ ਘੋਰ ਧਾਰਮਿਕ ਬੰਗਾਲੀ ਲੋਕ ਰਾਜਨੀਤਿਕ ਜੀਵਨ ਵਿੱਚ ਸੈਕੂਲਰ ਵਿਚਾਰਧਾਰਾ ਪੱਖੀ ਰਹੇ ਹਨ ਪਰ 2019 ਵਿੱਚ ਇਹ ਧਾਰਨਾ ਖ਼ਤਮ ਹੋ ਗਈ। ਜਨਸੰਘ ਦੇ ਵੱਡੇ ਨੇਤਾ ਸ਼ਿਆਮਾ ਸੁੰਦਰ ਪ੍ਰਸ਼ਾਦ ਮੁਖਰਜੀ ਦਾ ਘਰੇਲੂ ਰਾਜ ਹੋਣ ਦੇ ਬਾਵਜੂਦ ਵੀ ਪੱਛਮ ਬੰਗਾਲ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਭਾਜਪਾ ਦਾ ਹਿੰਦੂਤਵੀ ਏਜੰਡਾ 2019 ਦੀਆਂ ਚੋਣਾਂ ਤੋਂ ਪਹਿਲਾਂ ਕਦੇ ਵੀ ਨਹੀਂ ਚੱਲਿਆ ਸੀ। ਭਾਜਪਾ ਨੂੰ 40 ਫ਼ੀਸਦ ਵੋਟਾਂ ਮਿਲੀਆਂ ਸਨ। ਨਿਸਚਿਤ ਤੌਰ 'ਤੇ ਹਿੰਦੂ ਵੋਟਾਂ ਦਾ ਧਰੁਵੀਕਰਨ ਹੋਇਆ।ਹੁਣ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਭਾਜਪਾ ਮੁੜ ਇਹੀ ਦਾਅ ਖੇਡਣ ਜਾ ਰਹੀ ਹੈ। ਭਾਜਪਾ ਚਾਹੁੰਦੀ ਹੈ ਕਿ ਪੈਟਰੋਲ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਦੇ ਮੁੱਦੇ ਹਿੰਦੂਤਵ ਦੀ ਧਾਰਾ ਵਿੱਚ ਵਹਿ ਜਾਣ।

ਵੋਟਾਂ ਦਾ ਧਰੁਵੀਕਰਨ ਕਰਨ ਦੀ ਆੜ 'ਚ ਭਾਜਪਾ
ਭਾਜਪਾ ਨੂੰ ਉਮੀਦ ਹੈ ਕਿ ਉੱਤਰ ਬੰਗਾਲ ਵਿੱਚ ਭਾਜਪਾ ਹਿੰਦੂ-ਮੁਸਲਮ ਵੰਡ ਦੇ ਜ਼ੋਰ 'ਤੇ ਵੱਡੀ ਗਿਣਤੀ ਵਿੱਚ ਸੀਟਾਂ ਹਾਸਲ ਕਰ ਲਵੇਗੀ।ਭਾਜਪਾ ਨੂੰ ਜੰਗਲ ਮਹਿਲ ਦੇ ਇਲਾਕੇ ਵਿੱਚ ਵੀ ਵੱਡੀ ਸਫ਼ਲਤਾ ਦੀ ਉਮੀਦ ਹੈ। ਇਸ ਇਲਾਕੇ ਵਿੱਚ ਮਮਤਾ ਬੈਨਰਜੀ ਨੂੰ ਬਹੁਤ ਸਫ਼ਲਤਾ ਮਿਲੀ ਹੈ।ਭਾਜਪਾ ਨੂੰ ਟੀ.ਐਮ.ਸੀ. ਤੋਂ ਟੁੱਟ ਕੇ ਆਏ ਆਗੂਆਂ ਤੋਂ ਵੀ ਵੱਡੀਆਂ ਉਮੀਦਾਂ ਹਨ।ਹਾਲਾਕਿ ਇਹ ਨੇਤਾ ਮਮਤਾ ਬੈਨਰਜੀ ਦੇ ਕਿਲ੍ਹੇ ਨੂੰ ਕਿੰਨੀ ਕੁ ਸੰਨ੍ਹ ਲਾ ਪਾਉਣਗੇ ਇਹ ਤਾਂ ਸਮਾਂ ਹੀ ਦੱਸੇਗਾ।ਭਾਜਪਾ ਇਹ ਜਾਣਦੀ ਹੈ ਕਿ ਮਮਤਾ ਬੈਨਰਜੀ ਜ਼ਮੀਨ 'ਤੇ ਸੰਘਰਸ਼ ਕਰਦੀ ਹੈ।ਮਮਤਾ ਬੈਨਰਜੀ ਦੇ ਮੁਕਾਬਲੇ ਦਾ ਕੋਈ ਨੇਤਾ ਭਾਜਪਾ ਜਾਂ ਕਾਂਗਰਸ ਕੋਲ ਨਹੀਂ ਹੈ।ਮਮਤਾ ਇਸ ਸਮੇਂ ਉਨ੍ਹਾਂ ਕੁਝ ਕੁ ਨੇਤਾਵਾਂ ਵਿੱਚੋਂ ਇੱਕ ਹੈ ਜੋ ਸੀਬੀਆਈ,ਈਡੀ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਹੈ।ਨਿਸਚਿਤ ਤੌਰ 'ਤੇ ਭਾਜਪਾ ਮਮਤਾ ਦੀ ਲੜਾਕੂ ਪ੍ਰਵਿਰਤੀ ਤੋਂ ਡਰੀ ਹੋਈ ਹੈ।ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਕਰਨ ਮਗਰੋਂ ਹੀ ਮਮਤਾ ਨੇ ਸ਼ਰੇਆਮ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।ਇਸੇ ਕਰਕੇ 8 ਗੇੜਾਂ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋਅੰਦੋਲਨ ਜੇਕਰ ਸਿੱਖ ਕਿਸਾਨਾਂ ਦਾ ਹੈ ਤਾਂ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੇ ਭਾਜਪਾ ਨੂੰ ਕਿਉਂ ਨਕਾਰਿਆ?

ਮਮਤਾ ਬੈਨਰਜੀ ਦੇ ਆਤਮ-ਵਿਸ਼ਵਾਸ ਦੇ ਕਾਰਨ 
ਮਮਤਾ ਬੈਨਰਜੀ ਦੇ ਆਤਮ-ਵਿਸ਼ਵਾਸ ਦੇ ਵੀ ਕੁਝ ਜਾਇਜ਼ ਕਾਰਨ ਹਨ।ਇਹ ਸਪੱਸ਼ਟ ਗੱਲ ਹੈ ਕਿ ਲੋਕ ਸਭਾ ਵਿੱਚ ਭਾਜਪਾ ਨੂੰ ਜੋ ਸਫ਼ਲਤਾ ਮਿਲੀ ਸੀ ਉਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਹੀਂ ਮਿਲੇਗੀ।ਨਾਗਰਿਕਤਾ ਕਾਨੂੰਨ ਦੀ ਹਕੀਕਤ ਮਤੂਆ ਸਮੁਦਾਏ ਦੇ ਲੋਕ ਸਮਝ ਗਏ ਹਨ।ਮਤੂਆ ਸਮੁਦਾਏ ਨੂੰ ਇਸਦਾ ਲਾਭ ਨਹੀਂ ਮਿਲਣਾ। 2019 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਬਾਲਾਕੋਟ ਉੱਤੇ ਹਮਲਾ ਕਰਨ ਦਾ ਆਦੇਸ਼ ਦੇ ਕੇ ਮੋਦੀ ਨੇ ਆਪਣੀ ਮਜ਼ਬੂਤ ਦਾਅਵੇਦਾਰੀ ਬਣਾ ਲਈ ਸੀ। 2020 ਵਿੱਚ ਇਹ ਸਾਖ਼ ਚੀਨ ਵੱਲੋਂ ਲੱਦਾਖ 'ਚ ਘੁਸਪੈਠ ਦੇ ਕਾਰਨ ਖ਼ਤਮ ਹੋ ਗਈ।ਪਾਕਿ ਖ਼ਿਲਾਫ਼ ਖੁੱਲ੍ਹ ਕੇ ਵਰਨ ਵਾਲੇ ਮੋਦੀ ਚੀਨ ਵਾਰੀ ਚੁੱਪ ਹੋ ਗਏ।ਚੀਨ ਦਾ ਨਾਮ ਤੱਕ ਲੈਣ ਤੋਂ ਬਚਦੇ ਰਹੇ।ਇੱਥੇ ਤੱਕ ਕਹਿ ਦਿੱਤਾ ਕਿ ਚੀਨ ਨੇ ਭਾਰਤੀ ਇਲਾਕੇ ਵਿੱਚ ਘੁਸਪੈਠ ਨਹੀਂ ਕੀਤੀ। ਦੂਜਾ ਵੱਡਾ ਮੁੱਦਾ ਮਹਿੰਗਾਈ ਹੈ। 25 ਪੈਸੇ ਦੀ ਮਹਿੰਗਾਈ 'ਤੇ ਵੀ ਹੰਗਾਮਾ ਕਰਨ ਵਾਲੀ ਬੰਗਾਲੀ ਜਨਤਾ ਪੈਟਰੋਲ ਅਤੇ ਸਰ੍ਹੋਂ ਦੇ ਤੇਲ ਦੀਆਂ ਵੱਧਦੀਆਂ ਕੀਮਤਾਂ ਤੋਂ ਕਾਫ਼ੀ ਪ੍ਰੇਸ਼ਾਨ ਹੈ। ਬੰਗਾਲੀਆਂ ਦਾ ਖ਼ਾਸ ਭੋਜਨ ਮੱਛੀ ਹੈ ਜਿਸ ਨੂੰ ਪਕਾਉਣ ਲਈ ਸਰ੍ਹੋਂ ਦਾ ਤੇਲ ਲੱਗਦਾ ਹੈ।ਯਾਤਰੀ ਰੇਲਾਂ ਦੇ ਕਿਰਾਏ ਵਿੱਚ ਕਈ ਗੁਣਾਂ ਵਾਧੇ ਨੇ ਵੀ ਬੰਗਾਲੀਆਂ ਦੀ ਵੱਡੀ ਆਬਾਦੀ ਨੂੰ ਪ੍ਰਭਾਵਿਤ ਕੀਤਾ ਹੈ।

ਦਿੱਲੀ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੇ ਆਤਮ-ਵਿਸ਼ਵਾਸ ਨੂੰ ਪਹਿਲਾਂ ਹੀ ਸੱਟ ਮਾਰੀ ਹੈ।ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਅੰਮਿਤ ਸ਼ਾਹ ਤੱਕ ਨੇ ਚੋਣਾਂ ਵਿੱਚ ਹਿੰਦੂ- ਮੁਸਲਿਮ ਪੱਤਾ ਖੇਡਿਆ ਸੀ। ਘੱਟ ਗਿਣਤੀਆਂ ਖ਼ਿਲਾਫ਼ ਭਾਜਪਾ ਆਗੂਆਂ ਨੇ ਨਫ਼ਰਤੀ ਭਾਸ਼ਣ ਦਿੱਤੇ ਪਰ ਦਿੱਲੀ ਅਤੇ ਝਾਰਖੰਡ 'ਚ ਬਹੁਗਿਣਤੀ ਹਿੰਦੂ ਆਬਾਦੀ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਰੱਦ ਕਰ ਦਿੱਤਾ।ਦਿੱਲੀ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਵਿਧਾਨ ਸਭਾ ਵਿੱਚ ਕਰਾਰੀ ਹਾਰ ਮਿਲੀ।ਇਸੇ ਤਰ੍ਹਾਂ ਬਿਹਾਰ ਵਿੱਚ ਵੀ ਸੱਤਾਧਾਰੀ ਐੱਨ.ਡੀ.ਏ. ਮੁਸ਼ਕਿਲ ਨਾਲ 125 ਸੀਟਾਂ ਜਿੱਤ ਸਕੀ ਜਦਕਿ ਵਿਰੋਧੀ ਧਿਰ ਨੇ 110 ਸੀਟਾਂ ਜਿੱਤੀਆਂ।ਸੋ ਕੁੱਲ ਮਿਲਾ ਕੇ ਫ਼ਿਲਹਾਲ ਭਾਜਪਾ 'ਤੇ ਮਮਤਾ ਦਾ ਜੋਸ਼ ਭਾਰੀ ਪੈ ਰਿਹੈ ਹੈ।

ਨੋਟ: ਬੰਗਾਲ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਦੀ ਜਿੱਤ ਦੇ ਆਸਾਰ ਹਨ?

 


author

Harnek Seechewal

Content Editor

Related News